ਨਵ-ਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 450ਵੀਂ ਸਿੰਡੀਕੇਟ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਕਾਰੀ ਕਾਲਜਾਂ ਦੀ ਅਗਵਾਈ ਡਾ. ਮੁਹੰਮਦ ਇਰਫਾਨ ਪ੍ਰਿੰਸੀਪਲ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਨੇ ਕੀਤੀ, ਜਿਨ੍ਹਾਂ ਕੋਲ ਸਰਕਾਰੀ ਕਾਲਜ ਆਫ ਐਜੂਕੇਸ਼ਨ ਮਾਲੇਰਕੋਟਲਾ ਦਾ ਕਾਰਜਭਾਰ ਵੀ ਹੈ। ਇਸ ਮੀਟਿੰਗ ਵਿੱਚ ਅਕਾਦਮਿਕ, ਪ੍ਰਸ਼ਾਸਨਿਕ, ਵਿੱਤੀ, ਸੱਭਿਆਚਾਰਕ ਅਤੇ ਖੇਡਾਂ ਸਬੰਧੀ ਲਗਪਗ 27 ਮਤੇ ਪਾਸ ਕੀਤੇ ਗਏ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਜਿੱਥੇ ਸਿੰਡੀਕੇਟ ਦੇ ਮੈਂਬਰਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ, ਉਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੇ ਹਰ ਖੇਤਰ ਦੇ ਮਿਆਰੀ ਵਿਕਾਸ ਲਈ ਅਜਿਹੀਆਂ ਮੀਟਿੰਗਾਂ ਰੈਗੂਲਰ ਵਕਫੇ ਦੌਰਾਨ ਕਰਵਾਉਣ ਦੀ ਗੱਲ ਕੀਤੀ।
ਰਜਿਸਟਰਾਰ ਡਾ. ਸੰਜੀਵ ਪੁਰੀ, ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਮੁਲਤਾਨੀ, ਡੀਨ ਕਾਲਜਾਂ ਡਾ. ਬਲਰਾਜ ਸਿੰਘ, ਵਿੱਤੀ ਅਫ਼ਸਰ ਡਾ. ਪ੍ਰਮੋਦ ਅੱਗਰਵਾਲ, ਡੀਨ ਫੈਕਲਟੀ ਆਫ ਸੋਸ਼ਲ ਸਾਇੰਸਜ਼ ਡਾ. ਜਸਵਿੰਦਰ ਸਿੰਘ ਬਰਾੜ ਤੋਂ ਇਲਾਵਾ ਸਿੰਡੀਕੇਟ ਦੇ ਸਮੂਹ ਮੈਂਬਰ ਹਾਜ਼ਰ ਸਨ। ਡਾ. ਅਰੁਣ ਗਰੋਵਰ ਐਕਸ ਵਾਈਸ ਚਾਂਸਲਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਪੰਜਾਬੀ ਟ੍ਰਿਬਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਵੀ ਸਿੰਡੀਕੇਟ ਦੇ ਸਨਮਾਨਿਤ ਮੈਂਬਰ ਹਨ।