ਸਮਾਜਵਾਦ ਵੱਲ ਵਧਣਾ ਹੀ ਸਭ ਸਮੱਸਿਆਵਾਂ ਦਾ ਹੱਲ: ਜਮਹੂਰੀ ਜਥੇਬੰਦੀਆਂ
ਜਮਹੂਰੀ ਜਥੇਬੰਦੀਆਂ ਵੱਲੋਂ ਮਨੂਵਾਦੀ ਵਿਚਾਰਧਾਰਾ ਖ਼ਿਲਾਫ਼ ਡਟਣ ਦਾ ਸੱਦਾ
ਜਮਹੂਰੀ ਅਧਿਕਾਰ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਮਹਾਂ ਸਭਾ ਲੁਧਿਆਣਾ, ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂਆਂ ਜਸਵੰਤ ਜ਼ੀਰਖ, ਪ੍ਰੋ ਏ ਕੇ ਮਲੇਰੀ, ਬਾਪੂ ਬਲਕੌਰ ਸਿੰਘ ਗਿੱਲ, ਡਾ. ਹਰਬੰਸ ਗਰੇਵਾਲ ਤੇ ਸੁਰਿੰਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਦੇਸ਼ ਦੀ ਕਿਸੇ ਵੀ ਸਰਕਾਰ ਕੋਲ ਬਿਨਾਂ ਲਾਰਿਆਂ ਤੋਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਕੋਈ ਪ੍ਰੋਗਰਾਮ ਨਹੀਂ ਹੈ। ਬੇ-ਰੁਜ਼ਗਾਰੀ, ਗਰੀਬੀ, ਮਹਿੰਗਾਈ ਅਤੇ ਸਿਹਤ ਸਹੂਲਤਾਂ ਦੀ ਘਾਟ ਆਦਿ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸਿਆਸੀ ਅਤੇ ਪ੍ਰਸ਼ਾਸਨਿਕ ਕੁਰਸੀਆਂ ’ਤੇ ਬਰਾਜਮਾਨ ਅਧਿਕਾਰੀ ਆਪਣੀ ਤਾਕਤ ਦੇਸ਼ ਦੀ ਸੰਪਤੀ ਨੂੰ ਆਪਣੀ ਨਿੱਜੀ ਸੰਪੱਤੀ ਵਿੱਚ ਤਬਦੀਲ ਕਰਨ ਲਈ ਜੁਟੇ ਹੋਏ ਹਨ।
ਦੇਸ਼ ਦੇ ਇਤਿਹਾਸ ਨੂੰ ਮੰਨੂਵਾਦੀ ਵਿਚਾਰਾਂ ਅਨੁਸਾਰ ਤੋੜਿਆ ਮਰੋੜਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਮਨੁੱਖੀ ਵਿਕਾਸ ਦੇ ਵਿਗਿਆਨਿਕ ਸਿਧਾਂਤ ਨੂੰ ਵਿੱਦਿਅਕ ਸਲੇਬਸ ’ਚੋਂ ਕੱਢਕੇ ਉਸ ਦੀ ਥਾਂ ਸਿੱਖਿਆ ਵਿੱਚ ਅੰਧਵਿਸ਼ਵਾਸੀ ਧਾਰਨਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੱਤਾ ਦੇ ਗਰੂਰ ਵਿੱਚ, ਮੰਨੂਵੀਦੀ ਵਿਚਾਰਧਾਰਾ ਵਾਲਿਆਂ ਵੱਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਵੱਲ ਜੁੱਤੀ ਸੁੱਟਣ, ਰਾਸ਼ਟਰਪਤੀ ਅਤੇ ਪੁਲੀਸ ਅਧਿਕਾਰੀਆਂ ਨੂੰ ਜਾਤ-ਪਾਤ ਆਧਾਰਤ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸੇ ਦੀ ਬਦੌਲਤ ਇਸ ਨਫ਼ਰਤ ਦਾ ਸ਼ਿਕਾਰ ਹੋਏ ਹਰਿਆਣਾ ਦੇ ਪੁਲੀਸ ਅਧਿਕਾਰੀ ਵੱਲੋਂ ਆਤਮ ਹੱਤਿਆ ਕਰਨ ਦਾ ਕਦਮ ਉਠਾਇਆ ਜਾ ਚੁੱਕਾ ਹੈ। ਇਹ ਸਭ ਮਨੂਵਾਦੀ ਕੱਟੜ ਪੰਥੀਆਂ ਦਾ ਸਰਕਾਰ ’ਤੇ ਕਾਬਜ਼ ਹੋਣ ਦੇ ਸਿੱਟੇ ਹਨ, ਜਿਸ ਨੇ ਵੱਡੇ ਪੂੰਜੀਪਤੀਆਂ/ਕਾਰਪੋਰੇਟਾਂ ਲਈ ਦੇਸ਼ ਨੂੰ ਲੁੱਟਣ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਹਨ।