ਟਰੈਕਟਰ-ਟਰਾਲੀ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਹਲਾਕ
ਇੱਥੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ’ਤੇ ਹੋਏ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮੋਹੀ ਦੇ ਰਹਿਣ ਵਾਲੇ ਪਾਲ ਸਿੰਘ ਠੇਕੇਦਾਰ (60) ਵਜੋਂ ਹੋਈ। ਉਸ ਦੇ ਪਰਿਵਾਰ ਵਿੱਚ ਦੋ ਧੀਆਂ ਅਤੇ ਦੋ ਪੁੱਤਰ ਹਨ। ਥਾਣਾ...
ਇੱਥੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ’ਤੇ ਹੋਏ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮੋਹੀ ਦੇ ਰਹਿਣ ਵਾਲੇ ਪਾਲ ਸਿੰਘ ਠੇਕੇਦਾਰ (60) ਵਜੋਂ ਹੋਈ। ਉਸ ਦੇ ਪਰਿਵਾਰ ਵਿੱਚ ਦੋ ਧੀਆਂ ਅਤੇ ਦੋ ਪੁੱਤਰ ਹਨ। ਥਾਣਾ ਦਾਖਾ ਵਿੱਚ ਪੁਲੀਸ ਨੇ ਟਰੈਕਟਰ ਚਾਲਕ ਗੁਰਦੀਪ ਸਿੰਘ ਵਾਸੀ ਸਿੱਧਵਾਂ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਦਾਖਾ ਦੇ ਏ ਐੱਸ ਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਠੇਕੇਦਾਰ ਪਾਲ ਸਿੰਘ ਕੋਲ ਕੰਮ ਕਰਦੇ ਮੁਹੰਮਦ ਅਨਵਰ ਦੇ ਬਿਆਨਾਂ ’ਤੇ ਪੁਲੀਸ ਨੇ ਪਰਚਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮੁਹੰਮਦ ਅਨਵਰ ਨੇ ਕਿਹਾ ਕਿ ਉਹ ਨਵੀਂ ਦਾਣਾ ਮੰਡੀ ਮੁੱਲਾਂਪੁਰ ਦਾਖਾ ਵਿੱਚ ਆੜ੍ਹਤੀ ਸੁਖਦੇਵ ਗੋਇਲ ਕੋਲ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਸਮੇਤ ਕੁੱਲ 17 ਬੰਦੇ ਪਾਲ ਸਿੰਘ ਵਾਸੀ ਮੋਹੀ ਅਧੀਨ ਕੰਮ ਕਰਦੇ ਹਨ। ਬੀਤੇ ਕੱਲ੍ਹ 17 ਨਵੰਬਰ ਨੂੰ ਦੁਪਹਿਰੇ ਡੇਢ ਵਜੇ ਦੇ ਕਰੀਬ ਪਾਲ ਸਿੰਘ ਆਪਣੇ ਮੋਟਰ ਸਾਈਕਲ ਮਾਅਰਕਾ ਸੀਟੀ 100 ਪੀਬੀ 10 ਐੱਚਐੱਨ 3460 ’ਤੇ ਰਕਬਾ ਮੰਡੀ ਤੋਂ ਮੁੱਲਾਂਪੁਰ ਬਜ਼ਾਰ ਵੱਲ ਆ ਰਿਹਾ ਸੀ। ਇਸੇ ਦੌਰਾਨ ਪਾਲ ਸਿੰਘ ਦੇ ਅੱਗੇ ਇਕ ਟਰੈਕਟਰ ਫਾਰਮਟ੍ਰੈਕ ਨੰਬਰੀ ਪੀਬੀ 29 ਆਰ 4829 ਸਮੇਤ ਟਰਾਲੀ ਜਾ ਰਿਹਾ ਸੀ ਜਿਸ ਵਿੱਚ ਤੂੜੀ ਦੀਆਂ ਪੰਡਾਂ ਲੱਦੀਆਂ ਹੋਈਆਂ ਸਨ। ਪਾਲ ਸਿੰਘ ਟਰਾਲੀ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਤਾਂ ਜਦੋਂ ਟਰਾਲੀ ਪਾਸ ਕਰਨ ਲੱਗਾ ਤਾਂ ਟਰੈਕਟਰ ਦੇ ਚਾਲਕ ਨੇ ਅਣਗਹਿਲੀ ਨਾਲ ਕੱਟ ਮਾਰਿਆ ਅਤੇ ਪਾਲ ਸਿੰਘ ਪੱਕੀ ਸੜਕ ’ਤੇ ਡਿੱਗ ਪਿਆ। ਇਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

