ਇਥੋਂ ਦੇ ਸਮਸ਼ਾਨਘਾਟ ਰੋਡ ’ਤੇ ਸਥਿਤ ਗੋਵਰਧਨ ਗਊਸ਼ਾਲਾ ਵਿਖੇ ਜ਼ਹਿਰੀਲਾ ਹਰਾ ਚਾਰਾ ਖਾਣ ਉਪਰੰਤ 10 ਤੋਂ ਵੱਧ ਗਾਵਾਂ ਅਤੇ ਵੱਛੇ ਬਿਮਾਰ ਹੋ ਗਏ। ਪਸ਼ੂਆਂ ਦੀ ਹਾਲਤ ਗੰਭੀਰ ਹੋਣ ਤੇ ਗਊਸ਼ਾਲਾ ਵਿਚ ਹਫ਼ੜਾ ਦਫੜੀ ਮਚ ਗਈ ਅਤੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਵੈਟਰਨਰੀ ਵਿਭਾਗ ਤੋਂ ਡਾ. ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਨੇ ਪਸ਼ੂਆਂ ਦਾ ਇਲਾਜ ਸ਼ੁਰੂ ਕੀਤਾ ਜਿਸ ਨਾਲ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਗਊਸ਼ਾਲਾ ਦੇ ਮੁਖੀ ਪੁਸ਼ਪ ਵਿੱਠਲ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਹਰਾ ਚਾਰਾ ਖਾਣ ਉਪਰੰਤ 12 ਦੇ ਕਰੀਬ ਵੱਛੇ ਅਤੇ ਗਊਆਂ ਬਿਮਾਰ ਹੋ ਗਈਆਂ ਜਿਸ ਉਪਰੰਤ ਆਈ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਹਰੇ ਚਾਰੇ ਵਿਚ ਨਾਈਟ੍ਰੇਟ ਦੀ ਮਾਤਰਾ ਵੱਧ ਆ ਗਈ ਹੈ ਜਿਸ ਕਾਰਨ ਪਸ਼ੂ ਬਿਮਾਰ ਹੋ ਗਏ। ਇਸ ਦੌਰਾਨ ਡਾਕਟਰਾਂ ਦੀ ਹਦਾਇਤ ’ਤੇ ਪਸ਼ੂਆਂ ਨੂੰ ਹਰਾ ਚਾਰਾ ਦੇਣ ਦੀ ਮਨਾਹੀ ਕੀਤੀ ਗਈ ਹੈ।
ਡਾ.ਸੁਖਜਿੰਦਰ ਸਿੰਘ ਨੇ ਕਿਹਾ ਕਿ ਇਲਾਜ ਉਪਰੰਤ ਪਸ਼ੂਆਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇ ਚਾਰੇ ਵਿਚ ਨਾਈਟ੍ਰੇਟ ਦੀ ਵੱਧ ਮਾਤਰਾ ਖੇਤ ਵਿਚ ਯੂਰੀਆ ਜ਼ਿਆਦਾ ਪੈਣ ਕਾਰਨ ਹੁੰਦੀ ਹੈ ਅਤੇ ਬਰਸਾਤ ਦੇ ਦਿਨਾਂ ਵਿਚ ਅਕਸਰ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਗਊਸ਼ਾਲਾ ਨੂੰ ਪੰਜ ਦਿਨ ਲਈ ਜਾਨਵਰਾਂ ਨੂੰ ਹਰਾ ਚਾਰਾ ਖਵਾਉਣ ਦੀ ਮਨਾਹੀ ਕੀਤੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਹਰਾ ਚਾਰਾ ਵੇਚਣ ਵਾਲਿਆਂ ਨੂੰ ਵੀ ਜਾਗਰੂਕ ਕੀਤਾ।