ਮੌਨਸੂਨ ਦੀ ਤਿਆਰੀ: ਬੁੱਢੇ ਦਰਿਆ ’ਤੇ ਪੁਲਾਂ ਦੇ ਉਸਾਰੀ ਮੌਕੇ ਮਲਬਾ ਹਟਾਉਣ ਦੇ ਹੁਕਮ
ਕੰਟਰੋਲ ਰੂਮ ਸਥਾਪਤ; ਨੀਵੇਂ ਇਲਾਕਿਆਂ ਵਿੱਚ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਕਰਨ ਦੇ ਨਿਰਦੇਸ਼
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੂਨ
ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਨ ਤੋਂ ਰੋਕਣ ਲਈ ਤੇ ਮੌਨਸੂਨ ਨਾਲ ਨਜਿੱਠਣ ਲਈ ਅੱਜ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿੱਚ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ‘ਜੰਗੀ ਪੱਧਰ’ ’ਤੇ ਕੰਮ ਕਰਨ ਤੇ ਪਹਿਲਾਂ ਤੋਂ ਸਰੋਤਾਂ ਨੂੰ ਜੁਟਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਮੈਨਹੋਲ ਖੁੱਲ੍ਹਾ ਨਾ ਛੱਡਿਆ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ, ਮੈਨਹੋਲਾਂ ਦੀ ਜਲਦੀ ਤੋਂ ਜਲਦੀ ਮੁਰੰਮਤ, ਬਦਲੀ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਰੋਡ ਜਾਲੀਆਂ ਦੀ ਨਿਯਮਤ ਤੌਰ ’ਤੇ ਸਫਾਈ ਕੀਤੀ ਜਾਵੇ। ਉਨ੍ਹਾਂ ਨੂੰ ਕੌਂਸਲਰਾਂ ਤੋਂ ਇਸ ਦੀ ਤਸਦੀਕ ਕਰਵਾਉਣ ਅਤੇ ਉੱਚ ਅਧਿਕਾਰੀਆਂ ਕੋਲ ਸਬੰਧਤ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਬੁੱਢੇ ਦਰਿਆ ’ਤੇ ਪੁਲਾਂ ਦੇ ਨਿਰਮਾਣ ਸਥਾਨਾਂ ਤੋਂ ਮਲਬਾ ਹਟਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਨਾਲ ਦਰਿਆ ਵਿੱਚ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ। ਅਧਿਕਾਰੀਆਂ ਨੂੰ ਬੁੱਢੇ ਦਰਿਆ ਵਿੱਚੋਂ ਨਿਯਮਤ ਤੌਰ ’ਤੇ ਗਾਰ ਕੱਢਣ ਅਤੇ ਸੀਵਰ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀ) ਦੇ ਸਹੀ ਕੰਮ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਲੋੜੀਂਦੀਆਂ ਰੇਤ ਦੀਆਂ ਬੋਰੀਆਂ, ਡਿਸਪੋਜ਼ਲ ਪੁਆਇੰਟਾਂ ’ਤੇ ਜਨਰੇਟਰ ਸੈੱਟ, ਫਲੱਡ ਲਾਈਟਾਂ ਆਦਿ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ। ਸ਼ਹਿਰ ਵਿੱਚ ਰੇਲਵੇ ਅੰਡਰ ਬ੍ਰਿਜਾਂ ’ਤੇ ਪਾਣੀ ਜਮ੍ਹਾਂ ਹੋਣ ਤੋਂ ਰੋਕਣ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾਣ। ਨਾਲ ਹੀ ਸ਼ਹਿਰ ਭਰ ਵਿੱਚ ਭੂਮੀਗਤ ਤਾਰਾਂ ਵਿਛਾਉਣ ਦੇ ਚੱਲ ਰਹੇ ਕੰਮ ਨੂੰ ਪੂਰੀ ਤਰ੍ਹਾਂ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਮੁੱਖ ਇੰਜੀਨੀਅਰ ਰਵਿੰਦਰ ਗਰਗ, ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ, ਨਿਗਰਾਨ ਇੰਜੀਨੀਅਰ ਰਾਹੁਲ ਗਗਨੇਜਾ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ, ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ, ਐਮ.ਟੀ.ਪੀ ਵਿਜੇ ਕੁਮਾਰ, ਕਾਰਜਕਾਰੀ ਇੰਜੀਨੀਅਰ ਪਰਸ਼ੋਤਮ ਸਿੰਘ, ਕਾਰਜਕਾਰੀ ਇੰਜੀਨੀਅਰ (ਸੀਵਰੇਜ ਬੋਰਡ) ਬਲਰਾਜ ਸਿੰਘ ਸਮੇਤ ਨਗਰ ਨਿਗਮ ਦੇ ਸੰਚਾਲਨ ਅਤੇ ਰੱਖ-ਰਖਾਅ (ਓ.ਐਂਡ.ਐਮ) ਸੈੱਲ ਦੇ ਹੋਰ ਐਸ.ਡੀ.ਓ, ਜੇ.ਈ ਮੀਟਿੰਗ ਵਿੱਚ ਮੌਜੂਦ ਸਨ।