ਗੱਦੀ ਉੱਪਰ ਬੈਠੇ ਰਹਿਣ ਦਾ ਅਧਿਕਾਰ ਗੁਆ ਚੁੱਕੇ ਨੇ ਮੋਦੀ: ਅਮਰ ਸਿੰਘ
ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਡਾਕਟਰ ਅਮਰ ਸਿੰਘ ਨੇ ਇੱਥੇ ਵੋਟ ਚੋਰੀ ਖ਼ਿਲਾਫ਼ ਮੋਮਬੱਤੀ ਮਾਰਚ ਵਿੱਚ ਸ਼ਾਮਲ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੰਕਾ ਹੁਣ ਫੱਟ ਕੇ ਭਰਾੜ ਹੋ ਗਿਆ ਹੈ ਅਤੇ ਦੇਸ਼ ਦੀ ਗੱਦੀ ਉੱਪਰ ਬੈਠੇ ਰਹਿਣ ਦਾ ਉਸ ਕੋਲ ਕੋਈ ਨੈਤਿਕ ਅਧਿਕਾਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਹੋਰ ਵਿਧਾਨ ਸਭਾ ਚੋਣਾਂ ਵਿੱਚ ਵੋਟ ਚੋਰੀ ਦੀ ਖੇਡ ਰਾਹੁਲ ਗਾਂਧੀ ਦੀ ਟੀਮ ਨੇ ਦੇਸ਼ ਵਾਸੀਆਂ ਸਾਹਮਣੇ ਨਸ਼ਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਰੈਫ਼ਰੀ ਹੀ ਮੈਚ ਫਿਕਸਿੰਗ ਦਾ ਭਾਗੀਦਾਰ ਬਣ ਜਾਵੇ ਤਾਂ ਪਾਰਦਰਸ਼ੀ ਖੇਡ ਹੀ ਖ਼ਤਮ ਹੋ ਜਾਂਦੀ ਹੈ।
ਯੂਥ ਕਾਂਗਰਸ ਦੇ ਆਗੂ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਅਮਰ ਸਿੰਘ ਨੇ ਚੋਣ ਕਮਿਸ਼ਨ ਉਪਰ ਵੋਟ ਚੋਰੀ ਵਿੱਚ ਭਾਗੀਦਾਰ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਤਾਂ ਦੇਸ਼ ਦੀ ਸਰਵਉੱਚ ਅਦਾਲਤ ਤੋਂ ਵੀ ਆਸ ਮੱਧਮ ਪੈ ਚੁੱਕੀ ਹੈ ਅਤੇ ਸੰਵਿਧਾਨ ਦੀ ਰਾਖੀ ਲਈ ਲੋਕਾਂ ਕੋਲ ਸੜਕਾਂ ਉੱਪਰ ਉੱਤਰਨ ਤੋਂ ਇਲਾਵਾ ਕੋਈ ਰਾਹ ਬਾਕੀ ਨਹੀਂ ਬੱਚਿਆ ਹੈ। ਖ਼ਰਾਬ ਮੌਸਮ ਦੇ ਬਾਵਜੂਦ ਦੇਰ ਸ਼ਾਮ ਰਾਏਕੋਟ ਦੇ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਤੋਂ ਮੋਮਬੱਤੀ ਮਾਰਚ ਅਰੰਭ ਕੀਤਾ ਅਤੇ ਸ਼ਹਿਰ ਦੇ ਪ੍ਰਮੁੱਖ ਤਲਵੰਡੀ ਗੇਟ ਉਪਰ ਸਮਾਪਤੀ ਕੀਤੀ। ਇਸ ਮੌਕੇ ਕਾਂਗਰਸ ਆਗੂ ਸੁਖਪਾਲ ਸਿੰਘ ਗੋਂਦਵਾਲ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਵਪਾਰੀ ਆਗੂ ਅਵੰਤ ਜੈਨ, ਯੂਥ ਕਾਂਗਰਸ ਆਗੂ ਪ੍ਰਦੀਪ, ਜਗਦੀਪ ਸਿੰਘ ਰੱਤੋਵਾਲ, ਹਰਪ੍ਰੀਤ ਸਿੰਘ ਬੋਪਾਰਾਏ ਅਤੇ ਪ੍ਰਭਦੀਪ ਸਿੰਘ ਗਰੇਵਾਲ ਸਮੇਤ ਹੋਰ ਕਈ ਆਗੂ ਮਾਰਚ ਵਿੱਚ ਸ਼ਾਮਲ ਸਨ।