ਸਮਰਾਲਾ ਕਿਸਾਨ ਰੈਲੀ ਲਈ ਪਿੰਡਾਂ ’ਚ ਲਾਮਬੰਦੀ ਮੀਟਿੰਗਾਂ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 24 ਅਗਸਤ ਨੂੰ ਦਾਣਾ ਮੰਡੀ ਸਮਰਾਲਾ ਵਿੱਚ ਕੀਤੀ ਜਾ ਰਹੀ ਕਿਸਾਨ ਰੈਲੀ ਵਿੱਚ ਵੱਧ ਚੜ੍ਹਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਤਾਂ ਜੁ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਾਊਸਿੰਗ ਬੋਰਡ ਕਾਲੋਨੀ ਵਿੱਚ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸ੍ਰੀ ਕਾਦੀਆਂ ਨੇ ਦੱਸਿਆ ਕਿ ਹੁਣ ਖੇਤੀਬਾੜੀ ਕੋਈ
ਲਾਹੇਵੰਦ ਧੰਦਾ ਨਹੀਂ ਰਿਹਾ ਸਗੋਂ ਇਹ ਰੁਜ਼ਗਾਰ ਨਾਲੋਂ ਜ਼ਿਆਦਾ ਮੌਸਮੀ ਜੂਆ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਨਵੀਆਂ ਨਵੀਆਂ ਨੀਤੀਆਂ ਲਿਆ ਕੇ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਤੋਰ ਰਹੀ ਹੈ।
ਉਨ੍ਹਾਂ ਕਿਹਾ ਕਿ 24 ਅਗਸਤ ਦੀ ਸਮਰਾਲਾ ਰੈਲੀ ਇਤਿਹਾਸਕ ਹੋਵੇਗੀ ਅਤੇ ਹਰੇਕ ਜ਼ਿਲ੍ਹੇ ਵਿੱਚੋਂ ਹਜ਼ਾਰਾਂ ਕਿਸਾਨ ਰੈਲੀ ਵਿੱਚ ਸ਼ਮੂਲੀਅਤ ਕਰਨਗੇ ਤਾਂ ਜੁ ਪੰਜਾਬ ਸਰਕਾਰ ਨੂੰ ਕੁੰਭਕਰਣੀ ਦੀ ਨੀਂਦ ਤੋਂ ਜਗਾ ਕੇ ਕਿਸਾਨ ਵਿਰੋਧੀ ਨੀਤੀਆਂ ਰੱਦ ਕਰਾਈਆਂ ਜਾ ਸੱਕਣ। ਇਸ ਮੌਕੇ ਉਨ੍ਹਾਂ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ।
ਇਸ ਤੋਂ ਪਹਿਲਾਂ ਉਨ੍ਹਾਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਨਹੀ ਦਿੱਤੀ, ਜੋ ਜਲਦੀ ਤੋਂ ਜਲਦੀ ਰਿਲੀਜ਼ ਕਰਕੇ ਕਿਸਾਨਾਂ ਨੂੰ ਦਿੱਤੀ ਜਾਵੇ, ਕਿਉਂਕਿ ਗੰਨੇ ਦੀ ਫ਼ਸਲ ਅਗਲੇ ਕੁਝ ਮਹੀਨਿਆਂ ਵਿੱਚ ਆ ਜਾਵੇਗੀ ਜਦਕਿ ਅਜੇ ਪਿਛਲੀ ਫ਼ਸਲ ਦੇ ਪੈਸੇ ਕਿਸਾਨ ਨੂੰ ਪੂਰੇ ਨਹੀਂ ਮਿਲੇ। ਇਸ ਕਰਕੇ ਗੰਨਾ ਕਿਸਾਨ ਆਰਥਿਕ ਮੁਸ਼ਕਿਲ ਵਿੱਚ ਹਨ ਕਿਉਂਕਿ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ।
ਇਸ ਮੀਟਿੰਗ ਦੌਰਾਨ ਕਿਸਾਨਾਂ ਦੇ ਮਸੀਹਾਂ, ਹਰ ਔਖੇ ਸਮੇਂ ਵਿੱਚ ਕਿਸਾਨਾਂ ਦੀ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਗਵਰਨਰ ਸਤਪਾਲ ਮਲਿਕ ਦੇ ਅਕਾਲ ਚਾਲਣੇ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ।