ਚੰਡੀਗੜ੍ਹ ਰੈਲੀ ਲਈ ਪਿੰਡਾਂ ਵਿੱਚ ਲਾਮਬੰਦੀ ਤੇਜ਼
ਪੰਜਾਬ ਨਾਲ ਧੱਕੇਸ਼ਾਹੀ ਖ਼ਿਲਾਫ਼ ਕੇਂਦਰ ਦਾ ਵਿਰੋਧ; ਏ ਡੀ ਸੀ ਨੂੰ ਅੱਜ ਦਿੱਤੇ ਜਾਣਗੇ ਮੰਗ ਪੱਤਰ
ਦਿੱਲੀ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ 26 ਨਵੰਬਰ ਦੀ ਚੰਡੀਗੜ੍ਹ ਰੈਲੀ ਲਈ ਇਲਾਕੇ ਦੇ ਪਿੰਡਾਂ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) (ਡਕੌਂਦਾ-ਧਨੇਰ) ਬਲਾਕ ਸਿੱਧਵਾਂ ਬੇਟ ਇਕਾਈ ਦੀ ਇਕੱਤਰਤਾ ਅੱਜ ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿੱਚ ਹੋਈ। ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਧੀਵਾਲ ਤੇ ਸਕੱਤਰ ਕੁਲਵੰਤ ਸਿੰਘ ਗਾਲਿਬ ਨੇ ਦੱਸਿਆ ਕਿ ਮੀਟਿੰਗ ਵਿੱਚ ਲੋਕ ਵਿਰੋਧੀ ਬਿਜਲੀ ਬਿੱਲ-2025 ਤੁਰੰਤ ਵਾਪਸ ਲੈਣ, ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਵੇਚਣ ਦੀ ਤਜਵੀਜ਼ ਰੱਦ ਕਰਨ ਅਤੇ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਪੱਕੇ ਤੌਰ ’ਤੇ ਪੰਜਾਬ ਤੋਂ ਖੋਹਣ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਖ਼ਿਲਾਫ਼ ਚਿਤਾਵਨੀ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਚੰਡੀਗੜ੍ਹ ’ਤੇ ਸਿਰਫ਼ ਪੰਜਾਬ ਦਾ ਹੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੰਡਣ ਦੀ ਖ਼ਤਰਨਾਕ ਨੀਤੀ ’ਤੇ ਚੱਲ ਰਹੀ ਹੈ ਅਤੇ ਜੇਕਰ ਇਹ ਪਿੱਛੇ ਨਾ ਹਟੀ ਤਾਂ ਪੰਜਾਬ ਦੇ ਪਿੰਡਾਂ ਵਿੱਚ ਆਉਣ ’ਤੇ ਭਾਜਪਾ ਆਗੂਆਂ ਨੂੰ ਘੇਰ ਕੇ ਸਵਾਲ ਕੀਤੇ ਜਾਣਗੇ।
ਕਿਸਾਨ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀਆਂ ਦੇ ਘੋਲ ਦੀ ਹਮਾਇਤ ਕਰਦਿਆਂ ਸੈਨੇਟ ਚੋਣਾਂ ਜਲਦ ਕਰਾਉਣ ਦੀ ਮੰਗ ਕੀਤੀ। ਪੰਜਾਬ ਸਰਕਾਰ ਵਲੋਂ ਰੋਕੀ ਹੋਈ ਨਵੀਂ ਖੇਤੀ ਨੀਤੀ ਜਾਰੀ ਕਰਨ ’ਤੇ ਵੀ ਕਿਸਾਨਾਂ ਨੇ ਜ਼ੋਰ ਦਿੱਤਾ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਮਜ਼ਦੂਰ ਜਮਾਤ ਦੇ ਲੰਮੇ ਵਿਰੋਧ ਦੇ ਬਾਵਜੂਦ ਮਜ਼ਦੂਰ ਵਿਰੋਧੀ ਘਾਤਕ ਕਿਰਤ ਕੋਡ ਲਾਗੂ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਗਈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਵਿਕਣ ਲਈ ਪਏ ਝੋਨੇ ਦੀ ਰੋਕੀ ਖ਼ਰੀਦ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਇਨ੍ਹਾਂ ਮਸਲਿਆਂ ਨੂੰ ਲੈ ਕੇ ਕਿਸਾਨਾਂ ਦਾ ਵਫ਼ਦ ਏ ਡੀ ਸੀ ਨੂੰ ਮਿਲੇਗਾ। ਮੀਟਿੰਗ ਵਿੱਚ ਜਮਹੂਰੀ ਅਧਿਕਾਰ ਸਭਾ ਦੀ ਆਗੂ ਐਡਵੋਕੇਟ ਅਮਨਦੀਪ ਕੌਰ ਨੂੰ ਧਮਕੀਆਂ ਦੇਣ ਦੀ ਨਿਖੇਧੀ ਕੀਤੀ ਗਈ। ਇਕੱਤਰਤਾ ਵਿੱਚ ਕਿਸਾਨ ਆਗੂ ਜਗਵਿੰਦਰ ਸਿੰਘ ਤੂਰ, ਸੁਖਦੇਵ ਸਿੰਘ ਸ਼ੇਰਪੁਰ ਖੁਰਦ, ਗੁਰਵਿੰਦਰ ਸਿੰਘ ਸ਼ੇਰਪੁਰ, ਹਰਜਿੰਦਰ ਸਿੰਘ ਭਮਾਲ, ਕੁਲਵੰਤ ਸਿੰਘ ਗਾਲਿਬ, ਚਰਨਜੀਤ ਸਿੰਘ ਸ਼ੇਖਦੌਲਤ, ਜਸਬੀਰ ਸਿੰਘ ਲੀਲਾਂ, ਜਸਵਿੰਦਰ ਸਿੰਘ ਭਮਾਲ, ਭੋਲਾ ਸਿੰਘ ਸ਼ੇਰਪੁਰ ਕਲਾਂ, ਹਰਜੀਤ ਸਿੰਘ ਸਵੱਦੀ ਖੁਰਦ, ਕੁਲਬੀਰ ਸਿੰਘ ਤਿਹਾੜਾ, ਬਲਵੰਤ ਸਿੰਘ ਸ਼ੇਰਪੁਰ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

