ਲੈਂਡ ਪੂਲਿੰਗ ਵਿਰੁੱਧ ਟਰੈਕਟਰ ਮਾਰਚ ਲਈ 35 ਪਿੰਡਾਂ ’ਚ ਲਾਮਬੰਦੀ
ਸੰਯੁਕਤ ਕਿਸਾਨ ਮੋਰਚਾ ਦੀਆਂ ਵੱਲੋ ਸਮੂਹ ਜਥੇਬੰਦੀਆਂ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ 30 ਜੁਲਾਈ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਦੇ ਸਬੰਧ ਵਿੱਚ 35 ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਆਲ ਇੰਡੀਆ ਕਿਸਾਨ ਸਭਾ-1936, ਕਿਸਾਨ ਯੂਨੀਅਨ ਰਾਜੇਵਾਲ, ਬੀਕੇਯੂ ਡਕੌਂਦਾ ਬੁਰਜ ਗਿੱਲ, ਬੀਕੇਯੂ ਡਕੌਂਦਾ ਧਨੇਰ, ਜਮਹੂਰੀ ਕਿਸਾਨ ਸਭਾ, ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਕਾਦੀਆਂ ਅਤੇ ਕਿਰਤੀ ਕਿਸਾਨ ਯੂਨੀਅਨ (ਹਰਦੇਵ ਸੰਧੂ) ਤੇ ਆਧਾਰਿਤ ਦੋ ਗਰੁੱਪ ਬਣਾਏ ਗਏ। ਜਿਸ ਵਿੱਚੋਂ ਇੱਕ ਪਾਸੇ ਜੋਧਾਂ ਵਿੱਚ 16 ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਜਦਕਿ ਦੂਸਰੇ ਪਾਸੇ ਮੁੱਲਾਂਪੁਰ ਤੋਂ ਬੇਟ ਵਾਲੇ 19 ਪਿੰਡਾਂ ਵਿੱਚ ਮੀਟਿੰਗਾਂ ਕੀਤੀਆ ਗਈਆਂ ਜਿਨ੍ਹਾਂ ਵਿੱਚ ਪ੍ਰਭਾਵਿਤ ਕਿਸਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ 30 ਜੁਲਾਈ ਦੇ ਟਰੈਕਟਰ ਮਾਰਚ ਨੂੰ ਭਾਰੀ ਹੁੰਗਾਰਾ ਮਿਲੇਗਾ ਕਿਉਂਕਿ ਪ੍ਰਭਾਵਿਤ ਕਿਸਾਨਾਂ ਵਿੱਚ ਇਸ ਸਬੰਧੀ ਭਾਰੀ ਉਤਸ਼ਾਹ ਹੈ। ਮੀਟਿੰਗਾਂ ਦੌਰਾਨ ਵੱਖ ਵੱਖ ਆਗੂਆਂ ਸੁਦਾਗਰ ਸਿੰਘ ਘੁਡਾਣੀ, ਸਾਥੀ ਚਮਕੌਰ ਸਿੰਘ ਬਰਮੀ, ਕੇਵਲ ਸਿੰਘ ਬਨਵੈਤ, ਹਰਦੇਵ ਸਿੰਘ ਸੰਧੂ ਅਤੇ ਰਘਵੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਾਰਪੋਰੇਟਾਂ ਨੂੰ ਜ਼ਮੀਨਾਂ ਸੰਭਾਲਣ ਵਾਲੇ ਨੋਟੀਫੀਕੇਸ਼ਨ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣਗੇ। ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਵਿਰੋਧ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਵੀ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪੁੱਜਣਗੇ।
ਕਿਸਾਨ ਆਗੂਆਂ ਅਮਨਦੀਪ ਸਿੰਘ ਲਲਤੋਂ ਕਲਾਂ, ਰਜਿੰਦਰ ਸਿੰਘ, ਮਹਿੰਦਰ ਸਿੰਘ ਕਮਾਲਪੁਰ, ਮਹਾਂਵੀਰ ਸਿੰਘ ਗਿੱਲ ਅਤੇ ਭਰਪੂਰ ਸਿੰਘ ਸਵੱਦੀ ਨੇ ਦੱਸਿਆ ਕਿ 24 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਜ਼ਮੀਨਾਂ ਐਕੁਆਇਰ ਕਰਨ ਦੇ ਵਿਰੋਧ ਚ ਰੈਲੀ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਮਨੋਹਰ ਸਿੰਘ ਕਲਾੜ, ਯੁਵਰਾਜ ਸਿੰਘ ਘੁਡਾਣੀ, ਕੁਲਦੀਪ ਸਿੰਘ ਪਖੋਵਾਲ, ਮਨਪ੍ਰੀਤ ਸਿੰਘ ਗੋਂਦਵਾਲ, ਚਰਨਜੀਤ ਸਿੰਘ ਫਲੇਵਾਲ, ਹਰਨੇਕ ਸਿੰਘ ਗੁੱਜਰਵਾਲ, ਸਾਧੂ ਸਿੰਘ ਅੱਚਰਵਾਲ, ਮਨਪ੍ਰੀਤ ਘੁਲਾਲ ਅਤੇ ਰਘਵੀਰ ਸਿੰਘ ਰੁੜਕਾ ਨੇ ਵੀ ਸੰਬੋਧਨ ਕੀਤਾ।