ਬੀਕੇਯੂ ਏਕਤਾ (ਡਕੌਂਦਾ) ਦੀ ਪਿੰਡ ਇਕਾਈਆਂ ਦੀ ਪਿੰਡ ਅੱਜ ਗਾਲਿਬ ਕਲਾਂ, ਲੱਖਾ ਤੇ ਬੱਸੂਵਾਲ ਵਿਖੇ ਹੋਈ। ਇਸ ਮੌਕੇ ਲੋਕਾਂ ਨੂੰ ਅਣਮਨੁੱਖੀ ਜਬਰ ਦਾ ਸ਼ਿਕਾਰ ਹੋਈ ਮਹਿਲ ਕਲਾਂ ਦੀ ਨਾਬਾਲਗ ਬੱਚੀ ਕਿਰਨਜੀਤ ਕੌਰ ਦੀ 28ਵੀਂ ਬਰਸੀ 'ਤੇ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਬੀਕੇਯੂ (ਡਕੌਂਦਾ) ਦੇ ਸੱਦੇ ’ਤੇ ਗ਼ਦਰੀ ਵੀਰਾਂਗਣਾਂ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਇਹ ਸਮਾਗਮ ਹੋ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਇਕਾਈ ਪ੍ਰਧਾਨ ਬਹਾਦਰ ਸਿੰਘ ਲੱਖਾ, ਸੁਖਵੰਤ ਕੀਰ ਗਾਲਿਬ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ, ਸੂਬਾਈ ਆਗੂ ਹਰਜਿੰਦਰ ਕੌਰ ਰਜਿੰਦਰ ਸਿੰਘ ਨੇ ਦੱਸਿਆ ਕਿ 28 ਵਰ੍ਹੇ ਪਹਿਲਾਂ ਮਹਿਲ ਕਲਾਂ ਵਿੱਚ ਕਿਰਨਜੀਤ ਦੇ ਜਬਰ ਜਨਾਹ ਅਤੇ ਕਤਲ ਦੇ ਵਿਰੋਧ ਵਿੱਚ ਉੱਠਿਆ ਲੋਕ ਰੋਹ ਇਸ ਦੇਸ਼ ਅੰਦਰ ਜਬਰ ਖ਼ਿਲਾਫ਼ ਟਾਕਰੇ ਦਾ ਐਲਾਨਨਾਮਾ ਹੈ।
ਦੇਸ਼ ਭਰ ਵਿੱਚ ਔਰਤ ਵਰਗ ਨਾਲ ਸਮਾਜਿਕ ਵਿਤਕਰੇ, ਦੂਹਰੀ ਗੁਲਾਮੀ, ਹਰ ਪੱਧਰ 'ਤੇ ਸ਼ੋਸ਼ਣ, ਤਲਾਕ, ਕੁੱਟਮਾਰ ਆਦਿ ਸਾਡੇ ਸਮਾਜ ਦੇ ਬੇਹੱਦ ਸੰਜੀਦਾ ਮੁੱਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪੂੰਜੀਵਾਦੀ ਸਮਾਜ ਵਿੱਚ ਅੋਰਤ ਦੀ ਦੁਰਦਸ਼ਾ ਖ਼ਿਲਾਫ਼ ਮਹਿਲ ਕਲਾਂ ਸੰਘਰਸ਼ ਦੀਆਂ ਪੈੜਾਂ ਵਿੱਚ ਪੈਰ ਧਰ ਕੇ ਪੰਜਾਬ ਵਿੱਚ ਅਨੇਕਾਂ ਸਾਂਝੇ ਸੰਘਰਸ਼ ਜੇਤੂ ਹੋਏ ਹਨ। ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਮਰਦ ਔਰਤਾਂ ਨੇ ਮਹਿਲ ਕਲਾਂ ਸਮਾਗਮ ਸ਼ਾਮਲ ਹੋਣ ਦਾ ਐਲਾਨ ਕੀਤਾ। ਮੀਟਿੰਗਾਂ ਵਿੱਚ ਬੁਲਾਰਿਆਂ ਨੇ ਲੈਂਡ ਪੂਲਿੰਗ ਨੀਤੀ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਇਸ ਨੀਤੀ ਦੇ ਕਿਸਾਨ ਮਜਦੂਰ ਵਿਰੋਧੀ ਅਸਰਾਂ ਬਾਰੇ ਸਮਝਦਾਰੀ ਬਣਾਈ। ਕਿਸਾਨ ਮਜ਼ਦੂਰ ਮਰਦ ਔਰਤਾਂ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ 24 ਅਗਸਤ ਨੂੰ ਰੱਖੀ ਸਮਰਾਲਾ ਰੈਲੀ ਵਿੱਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ। ਇਸ ਸਮੇਂ ਕੁਲਵੰਤ ਸਿੰਘ ਗਾਲਿਬ, ਦਲਜੀਤ ਕੌਰ ਬੱਸੂਵਾਲ, ਕਿਰਨਦੀਪ ਕੌਰ ਬੱਸੂਵਾਲ, ਤੇਜ ਸਿੰਘ ਲੱਖਾ, ਤੇਜਿੰਦਰ ਸਿੰਘ, ਗੁਰਜੰਟ ਸਿੰਘ ਚੌਧਰੀ, ਪ੍ਰਕਾਸ਼ ਕੌਰ ਲੱਖਾ ਤੇ ਹੋਰ ਹਾਜ਼ਰ ਸਨ।