ਸੰਤੋਖ ਗਿੱਲ
ਰਾਏਕੋਟ, 17 ਅਪਰੈਲ
ਪਿੰਡ ਬਰ੍ਹਮੀ ਵਿੱਚ ਕੰਮ ਦੌਰਾਨ ਮਨਰੇਗਾ ਵਰਕਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ, ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (56) ਪੁੱਤਰ ਰਾਮ ਧਨ ਸਿੰਘ ਵਜੋਂ ਹੋਈ ਹੈ। ਥਾਣਾ ਰਾਏਕੋਟ ਸਦਰ ਦੀ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਭੇਜ ਦਿੱਤੀ ਹੈ।
ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਅਨੁਸਾਰ ਮ੍ਰਿਤਕ ਦੇ ਪੁੱਤਰ ਰਣਜੀਤ ਸਿੰਘ ਦੇ ਬਿਆਨਾਂ ’ਤੇ ਜ਼ਾਬਤਾ ਫ਼ੌਜਦਾਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਕਾਸ਼ ਸਿੰਘ ਬਰ੍ਹਮੀ ਨੇ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਲਈ ਫ਼ੌਰੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮਜ਼ਦੂਰ ਆਗੂਆਂ ਨੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਤੋਂ ਇਲਾਵਾ ਸੂਬਾ ਸਰਕਾਰ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਵੀ ਮੁਆਵਜ਼ਾ ਰਾਸ਼ੀ ਦੀ ਅਦਾਇਗੀ ਤੱਕ ਮ੍ਰਿਤਕ ਮਜ਼ਦੂਰ ਦੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਉੱਧਰ ਬਲਾਕ ਰਾਏਕੋਟ ਤੋਂ ਪੰਚਾਇਤ ਅਫ਼ਸਰ ਨਰਿੰਦਰ ਸਿੰਘ ਘਟਨਾ ਬਾਰੇ ਜਾਣਕਾਰੀ ਲੈਣ ਲਈ ਪਿੰਡ ਬਰ੍ਹਮੀ ਪਹੁੰਚ ਗਏ ਹਨ ਅਤੇ ਸਰਪੰਚ ਹਰਨੇਕ ਸਿੰਘ ਨਾਲ ਮੁਲਾਕਾਤ ਕੀਤੀ। ਪੰਚਾਇਤ ਅਫ਼ਸਰ ਨਰਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਲਈ ਮੁਆਵਜ਼ੇ ਦਾ ਕੇਸ ਬਣਾ ਕੇ ਭੇਜਿਆ ਜਾਵੇਗਾ ਅਤੇ ਜਲਦ ਅਦਾਇਗੀ ਕਰ ਦਿੱਤੀ ਜਾਵੇਗੀ। ਮਜ਼ਦੂਰ ਆਗੂਆਂ ਨੇ ਕਿਹਾ ਕਿ ਬਲਾਕ ਵਿਕਾਸ ਅਧਿਕਾਰੀਆਂ ਨੇ ਕਦੇ ਵੀ ਵਾਅਦੇ ਅਨੁਸਾਰ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਦਿੱਤਾ ਹੈ।