ਕਿਰਾਏ ਕਾਰਨ ਮਾਮੂਲੀ ਝਗੜੇ ਨੇ ਹਿੰਸਕ ਰੂਪ ਧਾਰਿਆ
ਜਗਰਾਉਂ, 19 ਅਪਰੈਲ
ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਥਾਣਾ ਹਠੂਰ ਦੀ ਪੁਲੀਸ ਨੇ ਜਗਰਾਉਂ ਤੋਂ ਪਿੰਡਾਂ ਨੂੰ ਜਾਣ ਵਾਲੀ ਮਿਨੀ ਬੱਸ ਦੇ ਮਾਲਕ ਅਤੇ ਕੰਡਕਟਰ ਦੀ ਤਿੰਨ ਵਿਅਕਤੀਆਂ ਵੱਲੋਂ ਆਪਣੇ 12 ਦੇ ਕਰੀਬ ਹੋਰ ਅਣਪਛਾਤੇ ਲੋਕਾਂ ਦੀ ਮਦਦ ਨਾਲ ਕੁੱਟਮਾਰ ਕਰਨ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਬੱਸ ਦੇ ਮਾਲਕ ਹਰਦੀਪ ਸਿੰਘ ਵਾਸੀ ਪਿੰਡ ਚਕਰ ਨੇ ਪੁਲੀਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਬੱਸ ਵਿੱਚ ਮੱਲ੍ਹਾ ਬਿਲਾਸਪੁਰ ਵੱਲ ਜਾ ਰਿਹਾ ਸੀ। ਦੇਰ ਸ਼ਾਮ ਸੱਤ ਵੱਜੇ ਦੇ ਕਰੀਬ ਕੁੱਝ ਲੋਕਾਂ ਦਾ ਸਮੂਹ, ਜਿਨ੍ਹਾਂ ਵਿੱਚੋਂ ਉਹ ਗੱਗੀ, ਗੋਲੀ ਅਤੇ ਵਿੱਕੀ ਵਾਸੀ ਪਿੰਡ ਮੱਲ੍ਹਾ ਨੂੰ ਪਛਾਣਦਾ ਹੈ, ਨੇ ਉਸ ’ਤੇ ਪਿੰਡ ਮੱਲ੍ਹਾ ਦੇ ਬੱਸ ਅੱਡੇ ਉਪਰ ਹਮਲਾ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਅਨੁਸਾਰ ਹਮਲਾਵਰਾਂ ਕੋਲ ਕਿਰਚਾਂ ਅਤੇ ਮਾਰੂ ਹਥਿਆਰ ਸਨ। ਮੁਲਜ਼ਮਾਂ ਨੇ ਬੱਸ ਦੇ ਕੰਡਕਟਰ ਸਿਮਰਜੀਤ ਸਿੰਘ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਜਦੋਂ ਪਿੰਡ ਦੇ ਲੋਕ ਇਕੱਠੇ ਹੋਣ ਲੱਗੇ 15 ਦੇ ਕਰੀਬ ਹਮਲਾਵਰ ਉੱਥੋਂ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਉਹ ਟਿਕਟਾਂ ਕੱਟਣ ਵਾਲਾ ਝੋਲਾ, ਜਿਸ ਵਿੱਚ 35000 ਰੁਪਏ ਸਨ, ਅਤੇ ਹਰਦੀਪ ਸਿੰਘ ਦੇ ਪਹਿਨਿਆ ਕੜਾ ਤੇ ਚੇਨ ਵੀ ਲੈ ਗਏ। ਪਿੰਡ ਦੇ ਲੋਕਾਂ ਅਤੇ ਬੱਸ ਵਿੱਚ ਮੌਜੂਦ ਸਵਾਰੀਆਂ ਨੇ ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਸਥਾਨਕ ਸਿਵਲ ਹਸਪਤਾਲ ਭਰਤੀ ਕਰਵਾਇਆ।
ਪੀੜਤਾਂ ਨੇ ਦੋਸ਼ ਲਗਾਇਆ ਕਿ ਮੁਲਜ਼ਮ ਉਨ੍ਹਾਂ ਨਾਲ ਕਿਰਾਏ ਪਿੱਛੇ ਬਹਿਸ ਕਰਦੇ ਸਨ ਅਤੇ ਧਮਕੀਆਂ ਦਿੰਦੇ ਸਨ। ਮਾਮਲੇ ਦੇ ਤਫਤੀਸ਼ੀ ਅਫ਼ਸਰ ਥਾਣਾ ਹਠੂਰ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਸਣੇ 15 ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਗੱਗੀ ਖਿਲਾਫ ਪਹਿਲਾਂ ਵੀ ਦੋ ਕੇਸ ਦਰਜ ਹਨ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।