ਮੰਤਰੀਆਂ ਨੇ ਪੀਏਯੂ ’ਚ ਸੈਰ ਕਰਕੇ ਮੰਗੀਆਂ ‘ਆਪ’ ਲਈ ਵੋਟਾਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜੂਨ
ਸਨਅਤੀ ਸ਼ਹਿਰ ਦੇ ਵਿਧਾਨਸਭਾ ਹਲਕਾ ਪੱਛਮੀ ਦੀ ਉਪ ਚੋਣ ਲਈ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਹਨ। ਅੱਜ ਸਵੇਰੇ ਤੜਕੇ ਸੂਬੇ ਦੇ ਕਈ ਮੰਤਰੀਆਂ ਨੇ ਪੀਏਯੂ ਵਿੱਚ ਸੈਰ ਕਰ ਲੋਕਾਂ ਕੋਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਲਈ ਵੋਟਾਂ ਮੰਗੀਆਂ। ਇਸ ਦੌਰਾਨ ਉਨ੍ਹਾਂ ਦੇ ਨਾਲ ਸ਼ਹਿਰ ਦੇ ਵੱਡੇ ਸਨਅਤਕਾਰ ਤੇ ਵਿਧਾਇਕ ਵੀ ਮੌਜੂਦ ਸਨ।
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਸੈਰ ਕਰਨ ਦੇ ਲਈ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ ਅਤੇ ਰਾਜਿੰਦਰਪਾਲ ਕੌਰ ਚੀਮਾ ਸਣੇ ਆਪ ਆਗੂ ਸ਼ਾਮਲ ਹੋਏ। ਪੀਏਯੂ ਕੈਂਪਸ ਦੀ ਹਰਿਆਲੀ ਅਤੇ ਤਾਜ਼ੀ ਸਵੇਰ ਦੀ ਹਵਾ ਦੇ ਵਿਚਕਾਰ ‘ਆਪ’ ਆਗੂਆਂ ਨੇ ਲੋਕਾਂ ਨਾਲ ਗਰਮਜੋਸ਼ੀ ਨਾਲ ਗੱਲਬਾਤ ਕੀਤੀ। ਅਰੋੜਾ ਨੇ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਮਿਲਿਆ, ਉਨ੍ਹਾਂ ਦਾ ਸਵਾਗਤ ਕੀਤਾ। ਅਰੋੜਾ ਨੇ ਕਿਹਾ ਕਿ ਇੰਨੇ ਆਰਾਮਦਾਇਕ ਅਤੇ ਗੈਰ-ਰਸਮੀ ਮਾਹੌਲ ਵਿੱਚ ਲੋਕਾਂ ਨੂੰ ਮਿਲਣਾ ਬਹੁਤ ਹੀ ਚੰਗਾ ਲਗਦਾ ਹੈ।
ਇਸ ਦੌਰਾਨ ਲੋਕਾਂ ਨੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਵੀ ਗੱਲਬਾਤ ਕੀਤੀ। ਸੈਰ ਕਰਨ ਵਾਲੀਆਂ ਔਰਤਾਂ ਨੇ ਵੀ ਆਪਣੇ ਕਈ ਮੁੱਦੇ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਾਥ ਦੇਣ ਤੇ 19 ਜੂਨ ਨੂੰ ਝਾੜੂ ਨੂੰ ਵੋਟਾਂ ਪਾਉਣ।