ਵਾਤਾਵਰਨ ਦੀ ਰਾਖੀ ਲਈ ਬੂਟੇ ਲਾਉਣ ਦਾ ਸੁਨੇਹਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਜੁਲਾਈ
ਨੇੜਲੇ ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਕ ਹਜ਼ਾਰ ਬੂਟੇ ਵੰਡੇ ਗਏ। ਇਹ ਉਪਰਾਲਾ ਇਲਾਕੇ ਨੂੰ ਪ੍ਰਦੂਸ਼ਣ ਮੁਕਤ ਤੇ ਹਰਿਆ ਭਰਿਆ ਬਣਾਉਣ ਲਈ ਕੀਤਾ ਗਿਆ। ਪੌਦੇ ਵੰਡਣ ਸਮੇਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਹਰ ਸਾਲ ਇਕ ਬੂਟਾ ਲਾ ਕੇ ਆਪਣੇ ਹਿੱਸੇ ਦੀ ਆਕਸੀਜ਼ਨ ਖੁਦ ਪੈਦਾ ਕਰੇ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ।
ਉਨ੍ਹਾਂ ਦੱਸਿਆ ਕਿ ਮਿਸ਼ਨ ਹਰਿਆਲੀ ਅਧੀਨ ਇਸ ਵਾਰ ਸਾਢੇ ਅੱਠ ਲੱਖ ਬੂਟੇ ਲਾ ਕੇ ਪਾਲਣ ਦਾ ਟੀਚਾ ਮਿਥਿਆ ਗਿਆ ਹੈ। ਇਹ ਬੂਟੇ ਲਾ ਕੇ ਵਿਦਿਆਰਥੀ ਆਪਣੀ ਫੋਟੋ ਸਾਂਝੀ ਕਰਨਗੇ ਜਿਸ ਬਦਲੇ ਉਨ੍ਹਾਂ ਨੂੰ ਇਮਤਿਹਾਨ ਦੌਰਾਨ ਗਰੇਸ ਅੰਕ ਦਿੱਤੇ ਜਾਣਗੇ। ਪ੍ਰਿੰਸੀਪਲ ਬਾਵਾ ਨੇ ਕਿਹਾ ਕਿ ਸਾਨੂੰ ਪਾਣੀ ਦੀ ਸੰਭਾਲ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸੰਤਾਪ ਨਾ ਭੋਗਣ। ਇਸ ਮੌਕੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਖੁੱਲ੍ਹੇ ਵਿੱਚ ਪਸ਼ੂ ਚਾਰਨ 'ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਨਵੇਂ ਲਾਏ ਬੂਟਿਆਂ ਨੂੰ ਉਜਾੜੇ ਤੋਂ ਬਚਾਇਆ ਜਾ ਸਕੇ।