ਪ੍ਰਾਇਮਰੀ ਅਧਿਆਪਕਾਂ ਦੇ ਮਸਲਿਆਂ ਬਾਰੇ ਸਿੱਖਿਆ ਸਕੱਤਰ ਨਾਲ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੂਨ
ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੇ ਭਖਵੇਂ ਮਸਲਿਆਂ ਬਾਰੇ ਸਿੱਖਿਆ ਸਕੱਤਰ ਪੰਜਾਬ ਅਨੰਦਿਤਾ ਮਿੱਤਰਾ ਵੱਲੋਂ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨਾਲ ਕੀਤੀ ਮੀਟਿੰਗ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਨਾਲ ਰਮਨਜੀਤ ਸੰਧੂ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਜੋਸ਼ੀਲ ਤਿਵਾੜੀ ਜ਼ਿਲ੍ਹਾ ਸਕੱਤਰ ਫਤਹਿਗੜ੍ਹ ਸਾਹਿਬ ਅਤੇ ਗਿਆਨ ਚੰਦ ਜ਼ਿਲ੍ਹਾ ਪ੍ਰਧਾਨ ਰੋਪੜ ਹਾਜਰ ਰਹੇ।
ਡੀਟੀਐੱਫ ਵੱਲੋਂ ਆਪਣਾ ਪੱਖ ਰੱਖਦਿਆਂ ਮੰਗ ਕੀਤੀ ਗਈ ਕਿ ਈਟੀਟੀ ਤੋਂ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੱਕ ਜ਼ਿਲ੍ਹਾ ਕਾਡਰ ਹੀ ਰੱਖਿਆ ਜਾਵੇ। ਇਸੇ ਤਰ੍ਹਾਂ ਈਟੀਟੀ ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੱਕ ਦੀਆਂ ਤਰੱਕੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਹੀ ਕਰਨ ਦੀ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਿਆ ਗਿਆ। ਹਰੇਕ ਪ੍ਰਾਇਮਰੀ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਪੱਧਰ ਤੋਂ ਕੇ ਲੈ ਪੰਜਵੀਂ ਜਮਾਤ ਤੱਕ ਜਮਾਤ ਵਾਰ ਅਧਿਆਪਕ ਦਿੱਤੇ ਜਾਣ, ਹਰੇਕ ਪ੍ਰਾਇਮਰੀ ਸਕੂਲ ਵਿੱਚ ਲਾਜ਼ਮੀ ਤੌਰ ’ਤੇ ਸਫਾਈ ਸੇਵਕ ਦੇਣ ਅਤੇ ਪ੍ਰੀ ਪ੍ਰਾਇਮਰੀ ਪੱਧਰ ਦੇ ਬੱਚਿਆਂ ਦੀ ਦੇਖਭਾਲ ਕਰਨ ਲਈ ਹੈਲਪਰ ਦੀ ਪੋਸਟ ਦੇਣ ਦੀ ਮੰਗ ਰੱਖੀ ਗਈ। ਇਸ ਤੋਂ ਇਲਾਵਾ ਸੈਂਟਰ ਪੱਧਰ ’ਤੇ ਇੱਕ ਕਲਰਕ ਕਮ ਡਾਟਾ ਐਂਟਰੀ ਓਪਰੇਟਰ, ਇਕ ਕੰਪਿਊਟਰ ਅਧਿਆਪਕ ਅਤੇ ਪ੍ਰਾਇਮਰੀ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੀ ਟੀ ਆਈ ਅਧਿਆਪਕ ਰੱਖਣ ਦੀ ਮੰਗ ਕੀਤੀ ਗਈ। ਵਫਦ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ 5994 ਈਟੀਟੀ ਭਰਤੀ ਵਿੱਚੋਂ ਰਹਿੰਦੀਆਂ 2994 ਅਸਾਮੀਆਂ ਨੂੰ ਡੀ-ਰਿਜ਼ਰਵ ਕਰ ਕੇ ਜਲਦ ਭਰਨ ਸਮੇਤ ਬਾਕੀ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਹਾਮੀ ਭਰੀ ਗਈ ਅਤੇ ਪ੍ਰਾਇਮਰੀ ਅਧਿਆਪਕਾਂ ਦੀ ਨੌਕਰੀ ਵਿੱਚ ਖੜੋਤ ਤੋੜਣ ਲਈ ਲਗਾਤਾਰ ਤਰੱਕੀਆਂ ਕਰਨ ਅਤੇ ਹੈੱਡ ਟੀਚਰ ਤੋਂ ਬੀਪੀਈਓ ਤੱਕ ਦੀਆਂ ਅਸਾਮੀਆਂ ਨੂੰ 90 ਫ਼ੀਸਦ ਪ੍ਰਮੋਸ਼ਨ ਰਾਹੀਂ ਭਰਨ ਲਈ ਸਹਿਮਤੀ ਦਿੱਤੀ ਗਈ।
ਆਗੂਆਂ ਵੱਲੋਂ ਪ੍ਰਾਇਮਰੀ ਪੱਧਰ ਦੇ ਵੱਖ ਵੱਖ ਕਾਡਰਾਂ ਦੇ ਤਨਖਾਹ ਸਕੇਲਾਂ ਵਿੱਚ ਵਾਧੇ ਦੀ ਤਜਵੀਜ਼ ਰੱਖਦਿਆਂ ਮੰਗ ਕੀਤੀ ਕਿ ਬਲਾਕ ਸਿੱਖਿਆ ਅਫਸਰਾਂ ਦਾ ਸਕੇਲ ਹੈੱਡ ਮਾਸਟਰ ਦੇ ਸਕੇਲ, ਸੈਂਟਰ ਹੈੱਡ ਟੀਚਰ ਦਾ ਸਕੇਲ ਮਾਸਟਰ ਕਾਡਰ ਦੇ ਬਰਾਬਰ ਹੋਵੇ ਅਤੇ ਬੀ ਪੀ ਈ ਓ ਦੀ ਤਰੱਕੀ ਪ੍ਰਿੰਸੀਪਲ ਦੀ ਪੋਸਟ ’ਤੇ ਹੋਣੀ ਚਾਹੀਦੀ ਹੈ। ਇਸੇ ਲੜੀ ਵਿੱਚ ਹੈਡ ਟੀਚਰ ਅਤੇ ਈਟੀਟੀ ਟੀਚਰ ਦਾ ਸਕੇਲ ਇੱਕ ਲੈਵਲ ਉਪਰ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਸਿੱਖਿਆ ਸਕੱਤਰ ਨੇ ਸਿਧਾਂਤਕ ਤੌਰ ’ਤੇ ਠੀਕ ਦੱਸਦਿਆਂ ਵਿੱਤ ਵਿਭਾਗ ਕੋਲ ਫਾਈਲ ਬਣਾ ਭੇਜਣ ਦੀ ਗੱਲ ਕਹੀ ਗਈ।