ਸਾਬਕਾ ਸੈਨਿਕਾਂ ਵੱਲੋਂ ਹੱਕੀ ਮੰਗਾਂ ਸਬੰਧੀ ਮੀਟਿੰਗ
ਕੇਂਦਰ ਸਰਕਾਰ ’ਤੇ ਸਾਬਕਾ ਸੈਨਿਕਾਂ ਦੀ ਕੋਈ ਮੰਗ ਪੂਰੀ ਨਾ ਕਰਨ ਦਾ ਦੋਸ਼
ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਸਾਬਕਾ ਸੈਨਿਕ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਬਰਾਂ ਦੀ ਇੱਕਤਰਤਾ ਕੈਪਨਟ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਬਕਾ ਸੈਨਿਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਕੈਪਟਨ ਮਾਜਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਅਤੇ ਕਿਸਾਨਾਂ ਨਾਲ ਬੇਇਨਸਾਫ਼ੀ ਦੇ ਰਸਤੇ ’ਤੇ ਚੱਲ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਸਾਬਕਾ ਸੈਨਿਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਅੱਜ ਬਜ਼ੁਰਗ ਸੈਨਿਕਾਂ ਨੂੰ ਸੜਕ ਤੇ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦਿਨ ਰਾਤ ਦੇਸ਼ ਦੇ ਬਾਰਡਰਾਂ ਦੀ ਰਾਖੀ ਕੀਤੀ ਜੋ ਹੁਣ ਪਿਛਲੇ ਲੰਬੇ ਸਮੇਂ ਤੋਂ ‘ਇਕ ਰੈਂਕ-ਇਕ ਪੈਨਸ਼ਨ’ ਅਤੇ ਪਿਛਲੇ 18 ਮਹੀਨਿਆਂ ਦਾ ਏਰੀਅਰ ਦੀ ਮੰਗ ਨੂੰ ਪੂਰਾ ਕਰਨ ਲਈ ਜੰਤਰ ਮੰਤਰ ਵਿਖੇ ਧਰਨੇ ਦੇ ਰਹੇ ਹਨ ਪ੍ਰਤੂੰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ। ਇਸ ਮੌਕੇ ਕੈਪਟਨ ਮੁਕੰਦ ਸਿੰਘ ਅਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਕਿ ਉਹ ਦੇਸ਼ ਕਦੇ ਵੀ ਬੁਲੰਦੀਆ ਨਹੀਂ ਛੂਹ ਸਕਦਾ ਜਿੱਥੇ ਸਰਕਾਰਾਂ ਵੱਲੋਂ ਦਿਨ ਰਾਤ ਡਿਊਟੀ ਕਰਨ ਵਾਲੇ ਸੈਨਿਕਾਂ ਦੇ ਬਣਦੇ ਹੱਕ ਨਾ ਦੇ ਕੇ ਧੱਕੇਸ਼ਾਹੀ ਕੀਤੀ ਜਾਵੇ। ਕੇਂਦਰ ਦੀ ਭਾਜਪਾ ਸਰਕਾਰ ਨੇ ਜੋ ਰਵੱਈਆ ਸਾਬਕਾ ਸੈਨਿਕਾਂ ਨਾਲ ਅਪਣਾਇਆ ਹੈ ਉਸਦੇ ਆਉਣ ਵਾਲੇ ਸਮੇਂ ਵਿਚ ਭਿਆਨਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਨਾਲ ਤਬਾਹ ਹੋਈਆਂ ਹਜ਼ਾਰਾਂ ਏਕੜ ਫਸਲਾਂ, ਉੱਜੜੇ ਘਰਾਂ ਅਤੇ ਮਾਰੇ ਗਏ ਪਸ਼ੂਆਂ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਤਿੰਦਰਪਾਲ ਸਿੰਘ, ਕਰਨੈਲ ਸਿੰਘ, ਜਗਰੂਪ ਸਿੰਘ, ਰਾਮ ਮੋਹਨ, ਗੁਰਮੇਲ ਸਿੰਘ, ਗੁਰਚਮਨ ਸਿੰਘ, ਬਲਵੰਤ ਸਿੰਘ ਹਾਜ਼ਰ ਸਨ।