ਸਮਾਲ ਸਕੇਲ ਮੈਨੂੰਫੈਕਚਰਰਜ ਐਸੋਸੀਏਸ਼ਨ ਵੱਲੋਂ ਮੀਟਿੰਗ
ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ ਐਸੋਸੀਏਸ਼ਨ ਦੀ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਸਮਾਲ ਸਕੇਲ ਮੈਨੂੰਫੈਕਚਰਰਜ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਅੱਜ ਚੇਤ ਸਿੰਘ ਨਗਰ ਵਿੱਚ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ ਐਸੋਸੀਏਸ਼ਨ ਦੇ ਸੀਨੀਅਰ ਮੈਬਰਾਂ ਨਾਲ ਮੀਟਿੰਗ ਕੀਤੀ ਅਤੇ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਜਾਣਕਾਰੀ ਦਿੰਦਿਆਂ ਪ੍ਰਧਾਨ ਠੁਕਰਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਿਕਸ ਲੈਂਡ ਯੂਜ਼ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਚੱਲ ਰਹੀਆਂ ਫ਼ੈਕਟਰੀਆਂ ਦੇ ਸੁਰੱਖਿਅਤ ਭਵਿੱਖ ਲਈ ਵਿਚਾਰ ਸਾਂਝੇ ਕੀਤੇ ਗਏ ਅਤੇ ਫ਼ੈਸਲਾ ਕੀਤਾ ਗਿਆ ਕਿ ਇਨ੍ਹਾਂ ਇਲਾਕਿਆਂ ਦੇ ਕਾਰਖਾਨਿਆਂ ਦੀ ਆਵਾਜ਼ ਬੁਲੰਦ ਕਰਨ ਲਈ ਸਾਈਕਲ ਜਥੇਬੰਦੀ ਦੀ ਅਗਲੇ ਮਹੀਨੇ ਹੋਣ ਵਾਲੀ ਚੋਣ ਵਿੱਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ।
ਠੁਕਰਾਲ ਨੇ ਕਿਹਾ ਕਿ ਏਸ਼ੀਆ ਦੀ ਸੱਭ ਤੋਂ ਵੱਡੀ ਸੰਸਥਾ ਅਜਿਹਾ ਪਲੈਟਫਾਰਮ ਹੈ ਜਿਸ ਵੱਲੋਂ ਕੀਤੀ ਗਈ ਮੰਗ ਨੂੰ ਸਰਕਾਰ ਧਿਆਨ ਨਾਲ ਸੁਣਦੀ ਹੈ ਅਤੇ ਉਸ ਦਾ ਹੱਲ ਕਰਦੀ ਹੈ। ਇਸ ਲਈ ਅਗਰ ਮੁਹੱਲਿਆ ਵਿੱਚ ਵਸੀ ਇੰਡਸਟਰੀ ਦੇ ਨੁਮਾਇੰਦੇ ਐਸੋਸੀਏਸ਼ਨ ਦਾ ਹਿੱਸਾ ਬਨਣਗੇ ਤਾਂ ਹੀ ਇਨ੍ਹਾਂ ਦੇ ਦੁੱਖਾਂ ਤਕਲੀਫ਼ਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਅਤੇ ਉਨ੍ਹਾਂ ਦੇ ਹੱਲ ਲਈ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ। ਠੁਕਰਾਲ ਨੇ ਕਿਹਾ ਕਿ ਇਸ ਮੰਤਵ ਨਾਲ ਵੱਖ-ਵੱਖ ਮੁੱਹਲਿਆਂ ਦੇ ਕਾਰਖਾਨੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਮਿਕਸ ਲੈਡ ਯੂਜ ਅਤੇ ਰਿਹਾਇਸ਼ੀ ਇਲਾਕਿਆਂ ਦੇ ਮੈਬਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਇਨ੍ਹਾਂ ਮੁਹੱਲਿਆ ਦੀ ਇੰਡਸਟਰੀ ਨੂੰ ਬਚਾਉਣ ਲਈ ਚੋਣਾਂ ਦੀ ਤਰੀਕ ਦਾ ਐਲਾਨ ਹੁੰਦੇ ਹੀ ਸਾਰ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਸਮੇਂ ਅਸ਼ੋਕ ਪੱਬੀ, ਸਵਿੰਦਰ ਸਿੰਘ ਹੂੰਝਣ, ਸੁਮੇਸ਼ ਕੋਛੜ, ਵਿੱਕੀ ਦੁਰਗਾ, ਸਵਰਨ ਸਿੰਘ ਉਭੀ, ਰਜਿੰਦਰ ਸਿੰਘ ਸੋਹਲ, ਜਨਕ ਰਾਜ, ਅਵਤਾਰ ਸਿੰਘ, ਅਮਰਜੀਤ ਸਿੰਘ ਪੁਲਮੈਨ, ਪ੍ਰਗਟ ਸਿੰਘ, ਹਰਦੀਪ ਸਿੰਘ ਸੋਹਲ ਅਤੇ ਸਵਰਨ ਸਿੰਘ ਸੱਗੂ ਵੀ ਹਾਜ਼ਰ ਸਨ।