ਜੀ ਐੱਸ ਟੀ ਘਟਣ ਦੇ ਬਾਵਜੂਦ ਸਸਤੀਆਂ ਨਾ ਹੋਈਆਂ ਦਵਾਈਆਂ
ਨਿੱਜੀ ਹਸਪਤਾਲਾਂ ਦੇ ਮੈਡੀਕਲ ਸਟੋਰਾਂ ’ਤੇ ਮਰੀਜ਼ਾਂ ਦੀ ਲੁੱਟ ਜਾਰੀ
ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਖਾਣ-ਪੀਣ, ਦਵਾਈਆਂ, ਕਾਰਾਂ ਅਤੇ ਹੋਰ ਘਰੇਲੂ ਵਰਤੋਂ ਵਾਲੇ ਸਮਾਨ ਤੇ ਵਰ੍ਹਿਆਂ ਤੋਂ ਲਗਾਈ ਜੀ.ਐਸ.ਟੀ ਘੱਟ ਕਰ ਦਿੱਤੀ ਗਈ ਹੈ ਜੋ 22 ਸਤੰਬਰ ਤੋਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਸਰਕਾਰੀ ਹੁੱਕਮਾਂ ਉਪਰੰਤ ਕਾਰਾਂ-ਮੋਟਰਾਂ ਅਤੇ ਹੋਰ ਘਰੇਲੂ ਵਰਤੋਂ ਵਾਲੇ ਕਈ ਤਰ੍ਹਾਂ ਦੇ ਸਾਮਾਨ ਤੇ ਉਪਭੋਗਤਾਵਾਂ ਨੂੰ ਲਾਭ ਦੇਣ ਲਈ ਕੰਪਨੀਆਂ ਸਟੋਰਾਂ ਆਦਿ ਤੇ ਜੀ.ਐਸ.ਟੀ ਘੱਟ ਕਰਕੇ ਨਵੇਂ ਭਾਅ ਤੈਅ ਕਰ ਦਿੱਤੇ ਗਏ ਹਨ, ਕੁੱਝ ਕੁ ਨੇ ਤਾਂ ਤੈਅ ਕੀਤੀ 22 ਸਤੰਬਰ ਤੋਂ ਪਹਿਲਾਂ ਹੀ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਗਈਆਂ ਸਨ ਪਰ ਬਿਮਾਰੀ ਕਾਰਨ ਨਿੱਜੀ ਹਸਪਤਾਲਾਂ ਵਿੱਚ ਫਸੇ ਆਮ ਲੋਕਾਂ ਦੀ ਹਾਲੇ ਵੀ ਲੁੱਟ ਜਾਰੀ ਹੈ। ਇਸ ਬਾਰੇ ਮਰੀਜ਼ ਸਰਬਜੀਤ ਕੌਰ, ਮਹਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਜਗਰਾਉਂ ਅਤੇ ਲੁਧਿਆਣੇ ਦੇ ਕਈ ਨਿੱਜੀ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਪੁਰਾਣੇ ਰੇਟਾਂ ’ਤੇ ਹੀ ਦਵਾਈਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਜਿਹੜੇ ਹਸਪਤਾਲਾਂ ’ਚੋਂ ਆਪਣਾ ਜਾਂ ਆਪਣੇ ਬਜ਼ੁਰਗਾਂ ਦਾ ਇਲਾਜ ਕਰਵਾਉਂਦੇ ਹਨ, ਉਥੋਂ ਦੇ ਡਾਕਟਰਾਂ ਦੁਆਰਾ ਲਿਖੀ ਜਾਂਦੀ ਦਵਾਈ ਹਸਪਤਾਲਾਂ ਵਿੱਚ ਚਲਾਏ ਜਾ ਰਹੇ ਮੈਡੀਕਲ ਸਟੋਰਾਂ ਤੋਂ ਹੀ ਮਿਲਦੀ ਹੈ। ਜਦੋਂ ਉਹ ਦਵਾਈ ਕਿਸੇ ਬਾਹਰੀ ਮੈਡੀਕਲ ਸਟੋਰ ਤੋਂ ਲੈਣ ਜਾਈਏ ਤਾਂ ਮਿਲਦੀ ਹੀ ਨਹੀਂ। ਤ੍ਰਾਸਦੀ ਇਹ ਹੈ ਕਿ ਉਕਤ ਮੈਡੀਕਲ ਸਟੋਰਾਂ ਤੇ ਹਫਤਾ ਬੀਤ ਜਾਣ ਦੇ ਬਾਵਜੂਦ ਦਵਾਈਆਂ ਪੁਰਾਣੇ ਰੇਟਾਂ ’ਤੇ ਹੀ ਦਿੱਤੀਆਂ ਜਾ ਰਹੀਆਂ ਹਨ।
ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਡੀਕਲ ਸਟੋਰ ਵਾਲਿਆਂ ਨੂੰ ਦਵਾਈਆਂ ਸਸਤੀਆਂ ਕਰਨ ਬਾਰੇ ਪੁੱਛਿਆ ਤਾਂ ਉਨਾਂ ਆਖਿਆ ਕਿ ਜਦੋਂ ਤੱਕ ਪੁਰਾਣਾ ਸਟਾਕ ਖਤਮ ਨਹੀਂ ਹੁੰਦਾ ਉਦੋਂ ਤੱਕ ਦਵਾਈਆਂ ਸਸਤੀਆਂ ਨਹੀਂ ਹੋਣਗੀਆਂ। ਜਦੋਂ ਦਵਾਈਆਂ ਦਾ ਸਟਾਕ ਨਵਾਂ ਆਵੇਗਾ ਤਾਂ ਹੀ ਦਵਾਈਆਂ ਘੱਟ ਰੇਟਾਂ ਤੇ ਉਪਲੱਬਧ ਹੋਣਗੀਆਂ। ਮਰੀਜ਼ਾਂ ਦਾ ਕਹਿਣਾ ਹੈ ਕਿ ਕੀ ਪਤਾ ਹਸਪਤਾਲਾਂ ’ਚ ਮੈਡੀਕਲ ਸਟੋਰਾਂ ਵਿੱਚ ਕਿੰਨਾ ਕੁ ਸਟਾਕ ਜਮਾਂ ਕਰਕੇ ਰੱਖਿਆ ਹੋਇਆ ਹੈ। ਕਦੋਂ ਖਤਮ ਹੋਵੇਗਾ ਅਤੇ ਹਾਲੇ ਹੋਰ ਕਿੰਨਾ ਸਮਾਂ ਸਾਨੂੰ ਦਵਾਈਆਂ ਵੱਧ ਮੁੱਲ ਵਿੱਚ ਖਰੀਦਣੀਆਂ ਪੈਣਗੀਆਂ। ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਸੀਂ ਪਹਿਲਾਂ ਕਈ ਵਰ੍ਹੇ ਸਰਕਾਰ ਵੱਲੋਂ ਜੀ.ਐਸ.ਟੀ ਦੀ ਆੜ੍ਹ ਵਿੱਚ ਲੁੱਟੇ ਜਾਂਦੇ ਰਹੇ, ਹੁੱਣ ਜਦੋਂ ਸਰਕਾਰ ਨੇ ਦਰਾਂ ਘੱਟ ਕੀਤੀਆਂ ਤਾਂ ਸਾਨੂੰ ਸਟਾਕ ਖਤਮ ਹੋਣ ਦਾ ਲਾਰਾ ਲਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਸ ਲੁੱਟ ਖਸੁੱਟ ਦੀ ਜਾਂਚ ਕਰੇ ਅਤੇ ਆਮ ਲੋਕਾਂ ਨੂੰ ਰਾਹਤ ਦੇਵੇ।