ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਧਾਇਕ ਦੇ ਪ੍ਰਗਟਾਵੇ ’ਤੇ ਇਤਰਾਜ਼
ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਮਈ
ਇਥੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਡਾ. ਜਸਵਿੰਰਦ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡੇਰਾਬੱਸੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ਼ ਕੀਤੀ ਗਲਤ ਬਿਆਨਬਾਜ਼ੀ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਡਾ. ਜ਼ੋਰਾਵਰ ਸਿੰਘ, ਡਾ.ਗੁਰਪ੍ਰੀਤ ਸਿੰਘ, ਡਾ.ਕੁਲਵਿੰਦਰ ਸਿੰਘ ਢਿੱਲੋਂ ਅਤੇ ਡਾ.ਮੇਜਰ ਸਿੰਘ ਮਾਂਗਟ ਨੇ ਕਿਹਾ ਕਿ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਸਰਮਾਏਦਾਰੀ ਸੋਚ ਦੇ ਧਾਰਨੀ ਲੋਕਾਂ ਵੱਲੋਂ ਕਿੱਤੇ ਨੂੰ ਉਜਾੜਨ ਦੀਆਂ ਗਿੱਦੜ ਚਾਲਾਂ ਦਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੂੰਹ ਤੋੜਵਾਂ ਜਵਾਬ ਦਿੰਦੀ ਆਈ ਹੈ।
ਆਉਣ ਵਾਲੇ ਸਮੇਂ ਵਿਚ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ਼ ਹਰ ਕਦਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਲੋਕਪੱਖੀ ਸੋਚ ਰੱਚਣ ਵਾਲੇ ਵਿਧਾਇਕ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਦੇਣ ਸਬੰਧੀ ਮੰਗ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਚੁੱਕੇ ਹਨ। ਦੂਜੇ ਪਾਸੇ ਇਹ ਵਿਧਾਇਕ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਹਾਮੀ ਪ੍ਰੈਕਟੀਸ਼ਨਰਾਂ ਨੂੰ ਬੰਦ ਕਰਵਾਉਣ ਅਤੇ ਪੰਜਾਬ ਛੱਡ ਕੇ ਜਾਣ ਵਰਗੇ ਲੋਕ ਵਿਰੋਧੀ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲ ਸਮੇਂ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਹਮੇਸ਼ਾਂ ਆਪਣੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੈ। ਇਸ ਮੌਕੇ ਡਾ. ਪ੍ਰਤੀਕ ਸ਼ਾਰਦਾ, ਡਾ.ਸੁਮੁੱਖ ਸਾਹਿਲ, ਡਾ. ਜਰਨੈਲ ਸਿੰਘ, ਡਾ. ਚਰਨ ਸਿੰਘ, ਡਾ. ਕਸ਼ਮੀਰਾ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਚਰਨਜੀਤ ਕੌਰ, ਡਾ. ਰੁਪਿੰਦਰ ਕੌਰ, ਡਾ. ਰਾਜਵੀਰ ਕੌਰ, ਡਾ. ਹਰਪ੍ਰੀਤ ਸਿੰਘ, ਡਾ. ਲਖਵੀਰ ਸਿੰਘ, ਡਾ. ਵਰਿੰਦਰ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਗੁਰਸ਼ਰਨ ਸਿੰਘ ਤੇ ਹੋਰ ਹਾਜ਼ਰ ਸਨ।