ਥਾਣਾ ਵਿਮੈੱਨ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ਤੇ ਉਸਦੇ ਸਹੁਰੇ ਪਰਿਵਾਰ ਖ਼ਿਲਾਫ਼ ਦਰਜ ਕੀਤੇ ਕੇਸ ਵਿੱਚ ਉਨ੍ਹਾਂ ਦੇ ਘਰੇਲੂ ਝਗੜੇ ਨੂੰ ਨਿਪਟਾਉਣ ਲਈ ਵਿਚੋਲਣ ਅਤੇ ਉਸ ਦੇ ਪਤੀ ਦੀ ਮਿਲੀਭੁਗਤ ਨਾਲ ਲੜਕੀ ਦੇ ਪਰਿਵਾਰ ਕੋਲੋਂ 20 ਲੱਖ ਰੁਪਏ ਹਾਸਲ ਕਰ ਕੇ ਦੋਵਾਂ ਨੂੰ ਨਾ ਵਸਾਉਣ ਦੇ ਦੋਸ਼ ਤਹਿਤ ਵਿਚੋਲਣ ਤੇ ਉਸਦੇ ਪਤੀ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਇਸ ਸਬੰਧੀ ਥਾਣਾ ਵਿਮੈੱਨ ਦੇ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਦੀ ਸ਼ਾਦੀ 12 ਦਸੰਬਰ 2019 ਨੂੰ ਨਕੋਦਰ ਵਾਸੀ ਗੁਰਿੰਦਰ ਪਾਲ ਸਿੰਘ ਦੇ ਪੁੱਤਰ ਹਰਏਕਓਟ ਸਿੰਘ ਨਾਲ ਹੋਈ ਸੀ। ਸ਼ਾਦੀ ਤੋਂ ਬਾਅਦ ਦੋਹਾਂ ਪਰਿਵਾਰਾਂ ਵਿੱਚ ਝਗੜਾ ਰਹਿਣ ਕਾਰਨ ਲੜਕੀ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਉਸਦੇ ਪਤੀ ਹਰਏਕਓਟ ਸਿੰਘ, ਸਹੁਰਾ ਗੁਰਿੰਦਰ ਪਾਲ ਸਿੰਘ ਅਤੇ ਸੱਸ ਜਸਵਿੰਦਰ ਕੌਰ ਵਾਸੀ ਗੁਰੂ ਨਾਨਕ ਪੁਰਾ ਨਕੋਦਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਸਪ੍ਰੀਤ ਕੌਰ ਦੇ ਭਰਾ ਮਨਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਸ਼ਾਦੀ ਕਰਾਉਣ ਵਾਲੀ ਵਿਚੋਲਣ ਜਗਦੀਪ ਕੌਰ ਉਰਫ਼ ਸੋਨੂ ਦੂਆ, ਉਸਦੇ ਪਤੀ ਤੇਜਿੰਦਰ ਪਾਲ ਸਿੰਘ ਅਤੇ ਸ਼ਾਸਤਰੀ ਨਗਰ ਵਾਸੀ ਮਨਜੀਤ ਸਿੰਘ ਖੁਰਾਣਾ ਨੇ ਵਿਚੋਲਗਿਰੀ ਕਰਦਿਆਂ ਲੜਕੀ ਦੇ ਪਰਿਵਾਰ ਤੋਂ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੇ ਭਰਾ ਮਨਦੀਪ ਸਿੰਘ ਨੇ ਵੱਖ-ਵੱਖ ਤਰੀਕਾਂ ਨੂੰ 20 ਲੱਖ ਰੁਪਏ ਜਗਦੀਪ ਕੌਰ ਉਰਫ਼ ਸੋਨੂ ਦੂਆ ਅਤੇ ਉਸਦੇ ਪਤੀ ਤਜਿੰਦਰ ਪਾਲ ਸਿੰਘ ਨੂੰ ਦਿੱਤੇ ਸਨ ਜੋ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਣ ਤੋਂ ਬਾਅਦ ਰਕਮ ਕਢਵਾਈ ਗਈ ਹੈ। ਪੀੜਤਾ ਜਸਪ੍ਰੀਤ ਕੌਰ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸਦੇ ਸਹੁਰਾ ਪਰਿਵਾਰ ਤੋਂ ਇਲਾਵਾ ਵਿਚੋਲਣ ਅਤੇ ਉਸਦੇ ਪਤੀ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਨ ਦੀ ਸ਼ਿਕਾਇਤ ’ਤੇ ਵਧੀਕ ਡਿਪਟੀ ਕਮਿਸ਼ਨਰ ਅਪਰੇਸ਼ਨ ਰਮਨਦੀਪ ਸਿੰਘ ਨੇ ਜਾਂਚ ਤੋਂ ਬਾਅਦ ਜਗਦੀਪ ਕੌਰ ਉਰਫ਼ ਸੋਨੂ ਦੂਆ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ ਜਦਕਿ ਇਸ ਤੋਂ ਪਹਿਲਾਂ ਸੋਨੂ ਦੂਆ ਦੇ ਪਤੀ ਤਜਿੰਦਰ ਪਾਲ ਸਿੰਘ ਅਤੇ ਮਨਜੀਤ ਸਿੰਘ ਖਰਾਣਾ ਨੂੰ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।