ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਮੰਜੀ ਸਾਹਿਬ ਕੋਟਾਂ ਦੇ ਹੋਣਹਾਰ ਅਤੇ ਮਿਹਨਤੀ ਵਿਦਿਆਰਥੀਆਂ ਨੇ ਲਗਾਤਾਰ ਦਿਨ ਰਾਤ ਇਕ ਕਰਦਿਆਂ ਦੋ ਦਿਨਾਂ ਵਿਚ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਦੇ ਮੱਦੇਨਜ਼ਰ ਇਕ ਕਿਸ਼ਤੀ ਤਿਆਰ ਕਰਕੇ ਦਿਖਾਈ। ਇਸ ਮੌਕੇ ਪ੍ਰਿੰਸੀਪਲ ਡਾ.ਗਗਨਦੀਪ ਸਿੰਘ ਨੇ ਵਿਦਿਆਰਥੀ ਸੁਖਚੈਨ ਸਿੰਘ, ਪਵਨ ਕੁਮਾਰ, ਗੁਰਵੀਰ ਸਿੰਘ, ਅਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਵਾਲੇ ਇਲਾਕਿਆਂ ਵਿਚ ਪਹੁੰਚਣ ਲਈ ਵਸੀਲਿਆਂ ਦੀ ਘਾਟ ਨੇ ਵਿਦਿਆਰਥੀਆਂ ਨੂੰ ਇਹ ਕਿਸ਼ਤੀ ਬਣਾਉਣ ਲਈ ਪ੍ਰੇਰਿਆ ਜਿਨ੍ਹਾਂ ਨੇ ਸਮੁੱਚੇ ਪ੍ਰਾਜੈਕਟ ਨੂੰ ਲੱਕੀ ਮਿਸਤਰੀ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਸੰਪੂਰਨ ਕੀਤਾ।
ਵਿਦਿਆਰਥੀਆਂ ਨੇ ਪੰਜਾਬ ਅਤੇ ਪੰਜਾਬੀਆਂ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਇਸ ਔਖੀ ਘੜੀ ਵਿਚ ਤਨੋ ਮਨੋ ਸੇਵਾ ਕਰਨ ਦਾ ਅਹਿਮ ਲਿਆ। ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਕੱਲ੍ਹ ਰਾਤ ਹੀ ਇਸ ਕਿਸ਼ਤੀ ਨੂੰ ਡੇਰਾ ਬਾਬਾ ਨਾਨਕ ਇਲਾਕੇ ਵਿਚ ਸੇਵਾ ਲਈ ਪਹੁੰਚਦਾ ਕੀਤਾ ਗਿਆ। ਪ੍ਰਿੰਸੀਪਲ ਅਤੇ ਕਾਲਜ ਸਟਾਫ਼ ਨੇ ਵਿਦਿਆਰਥੀਆਂ ਦੀ ਸਿਦਕ ਅਤੇ ਜੀਅ ਜਾਨ ਨਾਲ ਕੀਤੇ ਉਪਰਾਲੇ ਦੀ ਸਰਾਹਨਾ ਕੀਤੀ।