ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ’ਚ ਤੀਆਂ ਮਨਾਈਆਂ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿੱਚ ‘ਸਾਉਣ ਮਹੀਨਾ ਦਿਨ ਤੀਆਂ ਦਾ’ ਦੇ ਥੀਮ ਤਹਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਹੜੇ ਵਿੱਚ ਵੱਖ-ਵੱਖ ਸਟਾਲ ਵੀ ਲਗਾਏ ਗਏ। ਮੇਲੇ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਇਸ ਮੌਕੇ ਵਿਦਿਆਰਥਣਾਂ ਨੇ ਗਿੱਧਾ, ਗੀਤ ਅਤੇ ਸੰਗੀਤ ਦੀਆਂ ਪੇਸ਼ਕਾਰੀਆਂ ਨਾਲ ਮੇਲੇ ਨੂੰ ਨਵੀਂ ਨੁਹਾਰ ਪ੍ਰਦਾਨ ਕੀਤੀ। ਮੇਲੇ ਨੂੰ ਸਭਿਆਚਾਰਕ ਰੰਗ ਵਿੱਚ ਪੇਸ਼ ਕਰਦਿਆਂ ਚੁੱਲ੍ਹੇ ਚੌਕੇ ਅਤੇ ਹੋਰ ਸਭਿਆਚਾਰਕ ਗਤੀਵਿਧੀਆ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਗਿਆ। ਤੀਆਂ ਦੀ ਰਾਣੀ ‘ਮੇਲੇ ਦਾ ਮੁੱਖ ਆਕਰਸ਼ਣ ਸੀ। ‘ਤੀਆਂ ਦੀ ਰਾਣੀ’ ਦਾ ਖਿਤਾਬ ਪਰਿਮਾ ਦੇ ਸਿਰ ਸਜਿਆ। ਪਲਕ ਕੁੜੀ ਪੰਜਾਬਣ, ਸਾਨੀਆ ਕੁੜੀ ਮਜਾਜਣ , ਦਿਲਨਾਜ਼ ਸ਼ੌਂਕਣ ਮੇਲੇ ਦੀ, ਸੋਨੀਆ ਨੂੰ ਗਿੱਧਿਆਂ ਦੀ ਰਾਣੀ ਦੇ ਖਿਤਾਬ ਨਾਲ ਨਿਵਾਜੀਆਂ ਗਈਆਂ। ਇਸ ਮੌਕੇ ਸੋਹਣੀ ਪਰਾਂਦੀ, ਸੋਹਣੀ ਜੁੱਤੀ, ਸੋਹਣੀਆਂ ਚੂੜੀਆਂ ਤੇ ਮਹਿੰਦੀ ਲਗਾਉਣ ਆਦਿ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੀ ਵੰਡੇ ਗਏ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ,ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਸਵਰਨ ਸਿੰਘ, ਸਕੱਤਰ ਸ. ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਵਿਦਿਆਰਥਣਾਂ ਨੂੰ ਤੀਆਂ ਦੀ ਵਧਾਈ ਦਿੱਤੀ।