ਪੁਲੀਸ ਥਾਣਾ ਹਠੂਰ ਦੀ ਪੁਲੀਸ ਨੇ ਸਹੁਰਿਆਂ ਦੇ ਖਰਚੇ ’ਤੇ ਵਿਦੇਸ਼ ਗਈ ਇੱਕ ਵਿਆਹੁਤਾ ’ਤੇ ਪਤੀ ਨੂੰ ਬੁਲਾਉਣ ਤੋਂ ਇਨਾਕਾਰ ਕਰਨ ’ਤੇ ਉਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਵਾਸੀ ਹਠੂਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਵਿਆਹ 2022 ਵਿੱਚ ਕਾਲੇਕੇ ਜ਼ਿਲ੍ਹਾ ਬਰਨਾਲਾ ਦੀ ਰਣਜੀਤ ਕੌਰ ਨਾਲ ਹੋਇਆ ਹੈ। ਰਣਜੀਤ ਕੌਰ ਦੇ ਆਈਲੈਟਸ ਕਰਨ ਮਗਰੋਂ ਹਰਪ੍ਰੀਤ ਦੇ ਪਰਿਵਾਰ ਨੇ 30 ਲੱਖ ਖਰਚ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਉਸ ਨੇ ਦੱਸਿਆ ਕਿ ਰਣਜੀਤ ਕੌਰ ’ਤੇ ਉਥੇ ਪੀਆਰ ਲੈ ਕੇ ਉਸ ਨੂੰ ਵੀ ਸੱਦਣਾ ਸੀ ਪਰ ਕੈਨੇਡਾ ਜਾ ਕੇ ਉਸ ਨੇ ਆਪਣਾ ਖ਼ਿਆਲ ਬਦਲ ਲਿਆ ਤੇ ਰਾਣਜੀਤ ਕੌਰ ਨੇ ਉਸ ਨੂੰ ਕੈਨੇਡਾ ਬੁਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰਣਜੀਤ ਕੌਰ ਦੇ ਮਾਪਿਆਂ ਨੇ ਖ਼ੁਦ ਜ਼ਿੰਮੇਵਾਰੀ ਲਈ ਸੀ ਕਿ ਉਨ੍ਹਾਂ ਦੀ ਧੀ ਕੈਨੇਡਾ ਜਾ ਕੇ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਬੁਲਾਵੇਗੀ, ਪਰ ਰਣਜੀਤ ਕੌਰ ਦੇ ਇਨਕਾਰ ਕਰਨ ਤੋਂ ਬਾਅਦ ਉਸ ਦੇ ਸਹੁਰਾ ਪਿਰਵਾਰ ਦੇ ਮੈਂਬਰਾਂ ਨੇ ਵੀ ਵਤੀਰਾ ਬਦਲ ਲਿਆ ਤੇ ਉਸ ਨਾਲ ਗੱਲਬਾਤ ਕਰਨ ਤੋਂ ਵੀ ਹੱਟ ਗਏ। ਹਰਪ੍ਰੀਤ ਦੇ ਪਰਿਵਾਰ ਸਿਰ ਵੱਡਾ ਕਰਜ਼ਾ ਚੜ੍ਹ ਗਿਆ ਹੈ।
ਇਸ ਸਥਿਤੀ ਤੋਂ ਪ੍ਰੇਸ਼ਾਨ ਹੋ ਕੇ ਹਰਪ੍ਰੀਤ ਨੇ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਦੀ ਪੜਤਾਲ ਐੱਸਪੀਸੀ ਡਬਲਿਊਸੀ ਨੇ ਕੀਤੀ। ਜਾਂਚ ਵਿੱਚ ਹਰਪ੍ਰੀਤ ਸਿੰਘ ਵੱਲੋਂ ਲਗਾਏ ਸਾਰੇ ਦੋਸ਼ ਸਾਬਤ ਹੋਣ ’ਤੇ ਰਣਜੀਤ ਕੌਰ, ਉਸ ਦੀ ਮਾਂ ਪਰਮਜੀਤ ਕੌਰ ਤੇ ਪਿਤਾ ਸੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ।