ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੂਨ
ਇੱਥੇ ਦੇ ਆਲਮਗੀਰ ਪਿੰਡ ਦੀ ਇੱਕ ਵਿਆਹੁਤਾ ਔਰਤ ਨੂੰ ਉਸ ਦੇ ਸਹੁਰਿਆਂ ਵੱਲੋਂ ਤੰਗ ਕੀਤਾ ਗਿਆ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਜਿਸ ਦੀ ਪਛਾਣ ਦਿਵਿਆ ਕੁਮਾਰੀ ਵਜੋਂ ਹੋਈ ਹੈ। ਘਟਨਾ ਬਾਰੇ ਪਤਾ ਲੱਗਣ ’ਤੇ ਦਿਵਿਆ ਕੁਮਾਰੀ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ। ਉਨ੍ਹਾਂ ਨੇ ਪੁਲੀਸ ਨੂੰ ਇਸ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਨੇ ਇਸ ਮਾਮਲੇ ਵਿੱਚ ਨਿਊ ਸੁਭਾਸ਼ ਨਗਰ ਦੀ ਕਰਮਸਰ ਕਲੋਨੀ ਦੇ ਰਹਿਣ ਵਾਲੇ ਪੰਕਜ ਦੀ ਸ਼ਿਕਾਇਤ ’ਤੇ ਦਿਵਿਆ ਦੇ ਪਤੀ ਜਸਕਰਨ ਸਿੰਘ, ਉਸਦੀ ਮਾਂ ਹਰਜਿੰਦਰ ਕੌਰ ਅਤੇ ਦਿਵਿਆ ਦੇ ਸਾਲੇ ਮੰਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਜਸਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਦੋ ਮੁਲਜ਼ਮ ਹਾਲੇ ਫ਼ਰਾਰ ਹਨ। ਪੁਲੀਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਪੰਕਜ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ, ਉਸਦੀ ਭੈਣ ਦਿਵਿਆ ਦਾ ਵਿਆਹ 2017 ਵਿੱਚ ਜਸਕਰਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਅਕਸਰ ਕਿਸੇ ਨਾ ਕਿਸੇ ਗੱਲ ’ਤੇ ਝਗੜਾ ਕਰਦੇ ਰਹਿੰਦੇ ਸਨ। ਜਸਕਰਨ ਆਪਣੀ ਮਾਂ ਅਤੇ ਭਰਾ ਨਾਲ ਮਿਲ ਕੇ ਦਿਵਿਆ ਨੂੰ ਤੰਗ ਕਰਦਾ ਸੀ। ਉਨ੍ਹਾਂ ਨੂੰ ਕਈ ਵਾਰ ਸਮਝਾਇਆ ਗਿਆ ਸੀ, ਪਰ ਹਰ ਵਾਰ ਇਹ ਕਹਿ ਕੇ ਮਾਮਲਾ ਖਤਮ ਕਰ ਦਿੰਦਾ ਸੀ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ। ਕੁਝ ਦਿਨਾਂ ਬਾਅਦ, ਦਿਵਿਆ ਨੂੰ ਫਿਰ ਤੋਂ ਪ੍ਰੇਸ਼ਾਨ ਕਰਨ ਲੱਗ ਜਾਂਦਾ ਸੀ। ਇਸ ਤੋਂ ਤੰਗ ਆ ਕੇ ਦਿਵਿਆ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ। ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।