ਮਾਣੂੰਕੇ ਨੇ ਪੇਂਡੂ ਸੜਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ
4.82 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੀਆਂ ਸੜਕਾਂ: ਵਿਧਾਇਕਾ
ਹਲਕੇ ਦੀਆਂ ਖਸਤਾ ਹਾਲ ਪੇਂਡੂ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਲਈ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਕੰਮ ਸ਼ੁਰੂ ਕਰਵਾਏ ਅਤੇ ਵੱਖ-ਵੱਖ ਥਾਵਾਂ ’ਤੇ ਸੜਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਆਖਿਆ ਕਿ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਦਾ 4.82 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਹੋਣ ਵਾਲੀ ਮੁਸ਼ਕਿਲ ਤੋਂ ਰਾਹਤ ਮਿਲ ਸਕੇ। ਉਨ੍ਹਾਂ ਅੱਜ ਗਾਲਿਬ ਕਲਾਂ ਤੋਂ ਖਰੀਦ ਕੇਂਦਰ ਤਕ 13.17 ਲੱਖ ਰੁਪਏ, ਰਸੂਲਪੁਰ ਤੋਂ ਲੋਪੋਂ 35.88 ਲੱਖ ਰੁਪਏ, ਡੱਲਾ ਤੋਂ ਮੱਲ੍ਹਾ ਰੋਡ 12.57 ਲੱਖ ਰੁਪਏ, ਡੱਲਾ ਰੋਡ ਤੋਂ ਕੋਠੇ ਰਾਹਲਾਂ ਰੋਡ 39.27 ਲੱਖ ਰੁਪਏ, ਸ਼ੇਖਦੌਲਤ ਤੋਂ ਲੀਲਾਂ 37.20 ਲੱਖ, ਚੀਮਨਾ ਤੋਂ ਸਿੱਧਵਾਂ ਕਲਾਂ 51.86 ਲੱਖ, ਮੱਲ੍ਹਾ ਤੋਂ ਮਾਣੂੰਕੇ 36.81 ਲੱਖ, ਭੰਮੀਪੁਰਾ ਤੋਂ ਰਣਧੀਰਗੜ੍ਹ 12.59 ਲੱਖ ਰੁਪਏ, ਮਲਕ ਰੋਡ ਤੋਂ ਕੋਠੇ ਖੰਜੂਰਾਂ 15.24 ਲੱਖ ਰੁਪਏ, ਡਾਂਗੀਆਂ ਤੋਂ ਕਾਉਂਕੇ ਖੋਸਾ 45.88 ਲੱਖ, ਬਰਸਾਲ ਤੋਂ ਪੋਨਾ 67.86 ਲੱਖ, ਕਾਉਂਕੇ ਖੋਸਾ ਤੋਂ ਡੱਲਾ 12.30 ਲੱਖ, ਡੱਲਾ ਤੋਂ ਭੰਮੀਪੁਰਾ 52.18 ਲੱਖ ਰੁਪਏ, ਮਲਕ ਤੋਂ ਅਲੀਗੜ੍ਹ 21.25 ਲੱਖ ਰੁਪਏ, ਰਾਮਗੜ੍ਹ ਭੁੱਲਰ ਤੋਂ ਬੁਜਰਗ 7.37 ਲੱਖ ਰੁਪਏ ਸਮੇਤ ਕੁਝ ਹੋਰ ਸੜਕਾਂ ਦੇ ਨੀਂਹ ਪੱਥਰ ਰੱਖੇ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਪੇਂਡੂ ਸੜਕਾਂ ਤੋਂ ਇਲਾਵਾ ਰੌਸ਼ਨ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਪਿੰਡਾਂ ਅੰਦਰ ਸ਼ਾਨਦਾਰ ਪਾਰਕਾਂ ਬਨਾਉਣ ਲਈ ਵੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ, ਜੇਈ ਪਰਮਿੰਦਰ ਸਿੰਘ ਢੋਲਣ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਰਣਜੀਤ ਸਿੰਘ ਚੀਮਨਾ, ਜਸਵੰਤ ਸਿੰਘ ਰਾਮਗੜ੍ਹ ਭੁੱਲਰ, ਡਾ. ਰਾਮ ਸਿੰਘ, ਪਰਦੀਪ ਸਿੰਘ ਕੋਠੇ ਸ਼ੇਰਜੰਗ, ਸਰਪੰਚ ਹਰਦੀਪ ਸਿੰਘ ਬਰਸਾਲ, ਮਾ. ਮਲਕੀਤ ਸਿੰਘ, ਬਲਵੀਰ ਸਿੰਘ, ਮੁਕੰਦ ਸਿੰਘ, ਸਰਪੰਚ ਪਾਲੀ ਡੱਲਾ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਰਪੰਚ ਗੁਰਪ੍ਰੀਤ ਸਿੰਘ ਭੰਮੀਪੁਰਾ, ਦਵਿੰਦਰ ਸਿੰਘ ਪੰਚ, ਭੁਪਿੰਦਰ ਸਿੰਘ ਪੰਚ, ਸੁਖਦਰਸ਼ਨ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਡਾ. ਜਸਵਿੰਦਰ ਸਿੰਘ ਲੋਪੋਂ, ਛਿੰਦਰਪਾਲ ਸਿੰਘ ਮੀਨੀਆ, ਸਰਪੰਚ ਅਮਨਜੋਤ ਸਿੰਘ ਹਾਜ਼ਰ ਸਨ।
12 ਪਿੰਡਾਂ ਦੀਆਂ ਪੰਚਾਇਤਾਂ ਨੂੰ 50 ਲੱਖ ਦੇ ਚੈੱਕ
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇਸ ਸਮੇਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵਿਕਾਸ ਕਾਰਜਾਂ ਲਈ ਹਲਕੇ ਦੇ 12 ਪਿੰਡਾਂ ਅਖਾੜਾ, ਕਮਾਲਪੁਰਾ, ਚੀਮਾ, ਮਾਣੂੰਕੇ, ਚਕਰ, ਕੋਠੇ ਅੱਠ ਚੱਕ ਆਦਿ ਨੂੰ 15 ਅਕਤੂਬਰ ਨੂੰ ਗਰਾਂਟਾਂ ਦੇ ਚੈੱਕ ਦਿੱਤੇ ਜਾਣਗੇ। ਪਿੰਡ ਜਗਰਾਉਂ ਪੱਤੀ ਮਲਕ, ਪੋਨਾ, ਬਰਸਾਲ, ਪਰਜੀਆਂ ਕਲਾਂ, ਗਾਲਿਬ ਕਲਾਂ, ਅਗਵਾੜ ਲੋਪੋਂ ਕਲਾਂ ਆਦਿ ਨੂੰ 16 ਨੂੰ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਵਿੱਚ ਕੁੱਲ 50 ਲੱਖ ਦੇ ਚੈੱਕ ਪੰਚਾਇਤਾਂ ਨੂੰ ਸਾਦਾ ਸਮਾਗਮਮ ਕਰਕੇ ਤਕਸੀਮ ਕੀਤੇ ਜਾਣਗੇ।