ਇੱਥੋਂ ਨਜ਼ਦੀਕੀ ਸਤਲੁਜ ਦਰਿਆ ਦੇ ਬੰਨ੍ਹੇ ’ਤੇ ਜਾਇਜ਼ਾ ਲੈਣ ਪਹੁੰਚੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਮੌਕੇ ’ਤੇ ਹੀ ਹੱਲ ਕਰਵਾਈਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਪ੍ਰੋ. ਸੁਖਵਿੰਦਰ ਸੁੱਖੀ ਵੀ ਮੌਜੂਦ ਸਨ। ਵਿਧਾਇਕਾ ਮਾਣੂੰਕੇ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕੰਨੀਆਂ ਹੁਸੈਨੀ, ਸ਼ੇਰੇਵਾਲ, ਤਿਹਾੜਾ, ਪਰਜੀਆਂ, ਹਿਆਤੇਵਾਲ, ਮਧੇਪੁਰ, ਕੰਨੀਆਂ ਖੁਰਦ ਅਤੇ ਬਾਘੀਆਂ ਆਦਿ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹ ਕਾਰਨ ਢਹਿ ਗਏ ਲੋਕਾਂ ਦੇ ਘਰਾਂ ਬਾਰੇ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਲੋੜਵੰਦਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ। ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਹੜ੍ਹ ਕਾਰਨ ਬਰਬਾਦ ਹੋ ਗਈਆਂ ਹਨ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿਵਾਉਣ ਲਈ ਉਪਰਾਲੇ ਕੀਤੇ ਜਾਣ।
ਇਸ ਮੌਕੇ ਉਨ੍ਹਾਂ ਕਰੇਨ ਮੰਗਵਾ ਕੇ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਲਗਵਾਈ। ਇਸ ਮੌਕੇ ਵਿਕਰਮਜੀਤ ਸਿੰਘ ਥਿੰਦ, ਪਰਮਿੰਦਰ ਸਿੰਘ ਗਿੱਦੜਵਿੰਡੀ, ਕੁਲਵਿੰਦਰ ਸਿੰਘ ਕਾਲਾ, ਜਗਜੀਤ ਸਿੰਘ ਜੱਗੀ, ਸਰਪੰਚ ਜਗਤਾਰ ਸਿੰਘ ਰਸੂਲਪੁਰ, ਸਤਿੰਦਰ ਸਿੰਘ ਗਾਲਿਬ, ਸਰਪੰਚ ਸੁਖਬੀਰ ਸਿੰਘ, ਸਰਪੰਚ ਜਗਦੀਪ ਸਿੰਘ ਸ਼ੇਰੇਵਾਲ, ਸਰਪੰਚ ਰਾਜਦੀਪ ਸਿੰਘ ਤਿਹਾੜਾ ਆਦਿ ਵੀ ਉਨ੍ਹਾਂ ਦੇ ਨਾਲ ਸਨ।
ਲੋਕਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ
ਵਿਧਾਇਕਾ ਮਾਣੂੰਕੇ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਅਤੇ ਇਸ ਕਰੋਪੀ ਕਾਰਨ ਆਏ ਹੜ੍ਹਾਂ ਨੇ ਆਮ ਲੋਕਾਂ ਦਾ ਜਨ-ਜੀਵਨ ਤਹਿਸ ਨਹਿਸ ਕਰ ਕੇ ਰੱਖ ਦਿੱਤਾ ਹੈ। ਘਰਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਫ਼ਸਲਾਂ ਰੁੜ੍ਹ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜੀ ਲੋਕਾਂ ਨਾਲ ਖੜ੍ਹੀ ਹੈ ਅਤੇ ਜਲਦ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਲੋਕਾਂ ਦੇ ਮੁੜ ਵਸੇਬੇ ਲਈ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਵੇਲਾ ਨਿੱਜੀ ਸਵਾਰਥ ਪੂਰਨ ਦਾ ਨਹੀਂ ਸਗੋਂ ਲੋਕਾਂ ਨਾਲ ਖੜ੍ਹਨ ਦਾ ਹੈ।