ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵਿਮੈੱਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਵਿੱਚ ਤੀਆਂ ਦਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕਾਲਜ ਕੈਂਪਸ ਨੂੰ ਪੂਰੇ ਮੇਲੇ ਦੀ ਤਰ੍ਹਾਂ ਸਜਾਇਆ ਹੋਇਆ ਸੀ। ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕ ਪੰਜਾਬੀ ਪਹਿਰਾਵੇ ਮੇਲੇ ਦੀ ਰੌਣਕ ਨੂੰ ਹੋਰ ਵਧਾ ਰਹੇ ਸਨ। ਸਮਾਗਮ ਵਿੱਚ ਪ੍ਰਸਿੱਧ ਗਾਇਕਾ ਅਨਜੋਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਨਰੀਤ ਕੌਰ ਨੂੰ ਤੀਆਂ ਦੀ ਰਾਣੀ ਦਾ ਖਿਤਾਬ ਦਿੱਤਾ ਗਿਆ।
ਮੁੱਖ ਮਹਿਮਾਨ ਅਨਜੋਤ ਕੌਰ ਨੇ ਕਾਲਜ ਵੱਲੋਂ ਲਗਾਈ ਗਈ ਪੰਜਾਬੀ ਸੱਭਿਆਚਾਰਕ ਅਤੇ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਕੈਂਪਸ ਵਿੱਚ ਉਤਸ਼ਾਹੀ ਕੁੜੀਆਂ ਨੇ ਤੀਜ ਦੇ ਗੀਤਾਂ ਦੀ ਧੁਨ ’ਤੇ ਫੁੱਲਾਂ ਨਾਲ ਸਜੀ ਪੀਂਗਾਂ ਦਾ ਅਨੰਦ ਲਿਆ। ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿੱਚ ਲੱਗੇ ਫੂਡ ਸਟੈਂਡਾਂ ਤੋਂ ‘ਬਤਾਟਾ ਪੁਰੀ’, ‘ਚਾਟ’, ‘ਚੁਸਕੀ’ ਅਤੇ ਹੋਰ ਸਟ੍ਰੀਟ ਸਨੈਕਸ ਦਾ ਆਨੰਦ ਲਿਆ। ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਰੌਮਾਂਚਕ ਖੇਡਾਂ, ਮਹਿੰਦੀ, ਚੂੜੀਆਂ ਅਤੇ ਸ਼ਿੰਗਾਰ ਸਮੱਗਰੀ ਸਮੇਤ ਹੋਰ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ ਸਨ। ਇਸ ਤੋਂ ਇਲਾਵਾ 55 ਪੰਜਾਬੀ ਮੁਟਿਆਰ ਨੇ ‘ਤੀਆਂ ਦੀ ਰਾਣੀ’ ਮੁਕਾਬਲੇ ਵਿੱਚ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚੋਂ ਮਨਰੀਤ ਕੌਰ ਨੇ ਤੀਆਂ ਦੀ ਰਾਣੀ ਦਾ ਖਿਤਾਬ ਜਿੱਤਿਆ। ਇਸ ਦੌਰਾਨ ਮਨਮੀਤ ਕੌਰ, ਬਲਜੀਤ ਕੌਰ ਅਤੇ ਸੰਦੀਪ ਕੌਰ ਨੇ ਜੱਜਾਂ ਵਜੋਂ ਅਹਿਮ ਭੂਮਿਕਾ ਨਿਭਾਈ। ਮੁੱਖ ਮਹਿਮਾਨ ਨੇ ‘ਤੀਜ ਸੈਲੀਬ੍ਰੇਸ਼ਨ’ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਕਾਲਜ ਨੂੰ ਇਸ ਤਿਉਹਾਰ ਨੂੰ ਸਫ਼ਲਤਾਪੂਰਵਕ ਮਨਾਉਣ ਲਈ ਵਧਾਈ ਦਿੱਤੀ।ਕਾਲਜ ਦੀ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਇਸ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੱਤਾ।