‘ਰੰਗ-ਤਰੰਗ’ ਪ੍ਰੋਗਰਾਮ ਵਿੱਚ ਮਨਾਲ ਸਕੂਲ ਨੂੰ ਓਵਰਆਲ ਟਰਾਫੀ
ਡੇਢ ਦਰਜਨ ਸਕੂਲਾਂ ਦੇ ਕਰੀਬ ਪੰਜ ਸੌ ਵਿਦਿਆਰਥੀਆਂ ਨੇ ਹਿੱਸਾ ਲਿਆ
ਇੱਥੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਵਿੱਚ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ‘ਰੰਗ-ਤਰੰਗ’ ਵਿੱਚ ਡੇਢ ਦਰਜਨ ਸਕੂਲਾਂ ਦੇ ਕਰੀਬ ਪੰਜ ਸੌ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹਾ ਬਰਨਾਲਾ ਦੇ ਬਰਾਡ ਵੇਅ ਪਬਲਿਕ ਸਕੂਲ ਮਨਾਲ ਨੇ 154 ਅੰਕ ਹਾਸਲ ਕਰ ਕੇ ਓਵਰਆਲ ਟਰਾਫ਼ੀ ਆਪਣੇ ਨਾਮ ਕਰ ਲਈ ਜਦਕਿ ਸੁਆਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਨੇ 98 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਸਮਾਗਮ ਦੀ ਸ਼ੁਰੂਆਤ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਇੰਦਰਜੀਤ ਸਿੰਘ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਜੀਵਨ ਵਿੱਚ ਕੇਵਲ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ ਹੈ, ਵਿਅਕਤੀ ਦੀ ਸ਼ਖ਼ਸੀਅਤ ਉਸਾਰੀ ਅਕਾਦਮਿਕ ਗਿਆਨ ਦੇ ਨਾਲ ਹੀ ਸਭਿਆਚਾਰਕ ਅਤੇ ਖੇਡ ਗਤੀਵਿਧੀਆਂ ਵੀ ਬਹੁਤ ਜ਼ਰੂਰੀ ਹਨ।
ਸਮਾਗਮ ਦੌਰਾਨ ਸੁੰਦਰ ਲਿਖਾਈ, ਦਸਤਾਰ ਸਜਾਉਣ, ਇਕ ਤਸਵੀਰ-ਮੇਰੀ ਕਹਾਣੀ, ਮੌਕੇ ’ਤੇ ਭਾਸ਼ਣ, ਪੋਸਟਰ ਬਣਾਉਣ, ਕਾਰਟੂਨਿੰਗ, ਮਹਿੰਦੀ, ਚਿਹਰਾ ਰੰਗਣ, ਲੋਕ-ਗੀਤ (ਵਿਅਕਤੀਗਤ), ਨਾਚ (ਵਿਅਕਤੀਗਤ), ਸਮੂਹ ਨਾਚ, ਫੁੱਲਾਂ ਦੀ ਸਜਾਵਟ, ਵਰਕਿੰਗ ਮਾਡਲ, ਪੇਪਰ ਪੜ੍ਹਨ, ਰੰਗੋਲੀ, ਲੇਖ ਰਚਨਾ, ਪ੍ਰਸ਼ਨੋਤਰੀ, ਸਲਾਦ ਸਜਾਵਟ ਅਤੇ ਕੁੱਝ ਵੀ ਬੇਕਾਰ ਨਹੀਂ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਵੱਖ-ਵੱਖ ਢੰਗਾਂ ਰਾਹੀਂ ਖ਼ੂਬਸੂਰਤ ਸਮਾਜ ਉਸਾਰੀ, ਵਿਸ਼ਵ-ਸ਼ਾਂਤੀ, ਭਰਾਤਰੀ ਭਾਵ ਦਾ ਸੁਨੇਹਾ ਦਿੱਤਾ। ਮਹਿੰਦੀ, ਲੋਕ ਗੀਤ, ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਜਿੱਥੇ ਪੰਜਾਬੀ ਸਭਿਆਚਾਰ ਪੂਰੀ ਤਰ੍ਹਾਂ ਛਾਇਆ ਰਿਹਾ, ਉੱਥੇ ਵਿਅਕਤੀਗਤ ਨਾਚ ਤੇ ਸਮੂਹ ਨਾਚ ਵਿਚ ਪੱਛਮੀ ਰੰਗ ਵੀ ਦਿਖਾਈ ਦਿੱਤਾ। ਫੁੱਲਾਂ ਦੀ ਸਜਾਵਟ ਨੇ ਕਾਲਜ ਕੈਂਪਸ ਦੇ ਇੱਕ ਹਿੱਸੇ ਨੂੰ ਬਗੀਚੀ ਵਿਚ ਹੀ ਬਦਲ ਦਿੱਤਾ ਅਤੇ ‘ਕੁਝ ਵੀ ਬੇਕਾਰ ਨਹੀਂ’ ਦੇ ਮੁਕਾਬਲਿਆਂ ਨੇ ਆਪਣੇ ਘਰਾਂ ਵਿਚ ਪਈਆਂ ਬੇਕਾਰ ਚੀਜ਼ਾਂ ਦੀ ਸੁਚੱਜੀ ਵਰਤੋਂ ਸਬੰਧੀ ਸੋਚਣ ਲਈ ਮਜਬੂਰ ਕਰ ਦਿੱਤਾ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ. ਐੱਸ.ਐੱਸ ਥਿੰਦ, ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਐੱਸ.ਕੇ ਗੁਪਤਾ ਅਤੇ ਡਾ. ਰਾਜਿੰਦਰ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।