ਲੁਧਿਆਣਾ ਪੁਲੀਸ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵਿਰੁੱਧ ਭੜਕਾਊ ਪੋਸਟਾਂ ਪਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਰੋਪੜ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਸੈਣੀ ਵਜੋਂ ਹੋਈ ਹੈ ਜੋ ਕੱਟੜਪੰਥੀਆਂ ਦੇ ਨਾਮ ’ਤੇ ਪੋਸਟਾਂ ਪਾਉਂਦਾ ਸੀ। ਪੁਲੀਸ ਦੀ ਕਾਫ਼ੀ ਸਮੇਂ ਤੋਂ ਇਸ ’ਤੇ ਨਜ਼ਰ ਸੀ। ਮੁਲਜ਼ਮ ਦਸ ਸਾਲ ਯੂ ਕੇ ਵਿੱਚ ਰਹਿ ਚੁੱਕਾ ਹੈ ਤੇ ਸਾਲ 2014 ਵਿੱਚ ਭਾਰਤ ਆਇਆ ਸੀ। ਮੁਲਜ਼ਮ ਨੇ ਸਾਲ 2019 ਵਿੱਚ ਆਪਣਾ ਪੇਜ਼ ਬਣਾਇਆ ਤੇ ਇਸ ਸਮੇਂ ਉਸ ਦੇ 13 ਹਜ਼ਾਰ ਦੇ ਕਰੀਬ ਫਾਲੋਅਰਜ਼ ਹਨ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਕੰਟੈਂਟ ਪਾਉਣ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਉਹ ਨਿੱਜੀ ਤੌਰ ’ਤੇ ਏ ਆਈ ’ਤੇ ਕੇਂਦਰਿਤ ਕੋਰਸ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੇ ਇੱਕ ਪੁਰਾਣੇ ਹੈਂਡਲ ’ਤੇ ਭੜਕਾਊ, ਫ਼ਿਰਕੂ ਅਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਸਾਂਝੀ ਕਰਦਾ ਸੀ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੂੰ ਭੜਕਾਉਣ ਵਾਲੀਆਂ ਪੋਸਟਾਂ ਪਾਈਆਂ ਸਨ। ਪੁਲੀਸ ਮੁਤਾਬਕ ਮੁਲਜ਼ਮ ਸਿੱਖ ਨੌਜਵਾਨਾਂ ਵਿਰੁੱਧ ਵੀ ਪੋਸਟ ਪਾਉਂਦਾ ਸੀ ਤੇ ਉਨ੍ਹਾਂ ’ਤੇ ਕੱਟੜਪੰਥੀਆਂ ਨੂੰ ਬਣਦਾ ਸਤਿਕਾਰ ਨਾ ਦੇਣ ਦਾ ਦੋਸ਼ ਲਾਉਂਦਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਆਈ ਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

