ਮਾਛੀਵਾੜਾ: ਹੋਮਿਓਪੈਥਿਕ ਹਸਪਤਾਲ ਲਈ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਮਤਾ ਪਾਸ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਜੂਨ
ਨਗਰ ਕੌਂਸਲ ਮਾਛੀਵਾੜਾ ਦੀ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਕੌਂਸਲਰਾਂ ਨੇ ਹਿੱਸਾ ਲੈ ਕੇ ਸਰਬ ਸੰਮਤੀ ਨਾਲ ਕਈ ਮਤਿਆਂ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ਵਿਚ ਸਭ ਤੋਂ ਪਹਿਲਾਂ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਯਤਨਾਂ ਸਦਕਾ ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਸਰਕਾਰੀ ਹੋਮਿਓਪੈਥਿਕ ਹਸਪਤਾਲ ਤੇ ਕਾਲਜ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਹੁਣ ਨਗਰ ਕੌਂਸਲ ਨੂੰ 4 ਏਕੜ ਜ਼ਮੀਨ ਸਿਹਤ ਵਿਭਾਗ ਦੇ ਨਾਮ ਤਬਦੀਲ ਕਰਵਾਉਣੀ ਹੈ ਜਿਸ ’ਤੇ ਸਮੂਹ ਕੌਂਸਲਰਾਂ ਨੇ ਮਤਾ ਪਾਸ ਕਰਕੇ ਇਹ ਜਮੀਨ ਰਜਿਸਟਰੀ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਰਤੀਪੁਰ ਰੋਡ ’ਤੇ ਤਹਿਸੀਲ ਨੇੜ੍ਹੇ ਜੋ ਨਗਰ ਕੌਂਸਲ ਦੀ ਖਾਲੀ ਜਗ੍ਹਾ ਪਈ ਹੈ ਉਸ ਵਿੱਚ ਔਰਤਾਂ ਲਈ ਜਿਮ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਜਿਮ ਵਿਚ ਸਿਰਫ਼ ਔਰਤਾਂ ਤੇ ਲੜਕੀਆਂ ਕਸਰਤ ਕਰ ਸਕਣਗੀਆਂ ਜਿਨ੍ਹਾਂ ਲਈ ਜਿਮ ਦਾ ਵਧੀਆ ਸਾਮਾਨ ਤੇ ਕੋਚ ਵੀ ਮੁਹੱਈਆ ਕਰਵਾਇਆ ਜਾਵੇਗਾ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਅੱਜ ਮੀਟਿੰਗ ਵਿਚ ਸਰਬ ਸੰਮਤੀ ਨਾਲ ਕਰੀਬ 2 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ 15 'ਚੋਂ ਹਰੇਕ ਵਾਰਡ ਵਿਚ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਪੱਖਪਾਤ ਤੋਂ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ।
ਇਸ ਮੀਟਿੰਗ ਵਿਚ ਅਸ਼ੋਕ ਸੂਦ, ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਮੱਕੜ, ਸੁਰਿੰਦਰ ਕੁਮਾਰ ਛਿੰਦੀ, ਰਸ਼ਮੀ ਜੈਨ, ਹਰਪ੍ਰੀਤ ਕੌਰ ਤਨੇਜਾ, ਪ੍ਰਕਾਸ਼ ਕੌਰ, ਕੁਲਜਿੰਦਰ ਕੌਰ, ਨੀਰਜ ਕੁਮਾਰ, ਕਿਸ਼ੋਰ ਕੁਮਾਰ, ਪਰਮਜੀਤ ਕੌਰ, ਹਰਵਿੰਦਰ ਕੌਰ (ਸਾਰੇ ਕੌਂਸਲਰ) ਮੌਜੂਦ ਸਨ। ਇਸ ਤੋਂ ਇਲਾਵਾ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਜਸਪਾਲ ਸਿੰਘ ਜੱਜ, ਜਸਵੀਰ ਸਿੰਘ ਭੱਟੀਆਂ, ਪ੍ਰਵੀਨ ਮੱਕੜ, ਅਮਨਦੀਪ ਸਿੰਘ ਤਨੇਜਾ, ਨਿਰੰਜਨ ਸਿੰਘ ਨੂਰ ਵੀ ਮੌਜੂਦ ਸਨ।