ਮਾਛੀਵਾੜਾ ਪੁਲੀਸ ਨੇ ਨਸ਼ਾ ਤਸਕਰ ਵੱਲੋਂ ਕੀਤਾ ਕਬਜ਼ਾ ਹਟਾਇਆ
ਇਥੇ ਪਿੰਡ ਚੱਕੀ ਵਿੱਚ ਅੱਜ ਪੁਲੀਸ ਪ੍ਰਸ਼ਾਸਨ ਨੇ ਨਸ਼ਾ ਤਸਕਰ ਦੀ ਨਾਜਾਇਜ਼ ਕਾਬਜ ਥਾਂ ’ਤੇ ਬੁਲਡੋਜ਼ਰ ਚਲਾ ਦਿੱਤਾ। ਐੱਸਐੱਸਪੀ ਜੋਤੀ ਯਾਦਵ ਅੱਜ ਵੱਡੀ ਗਿਣਤੀ ਪੁਲੀਸ ਬਲ ਨਾਲ ਪਿੰਡ ਚੱਕੀ ਪੁੱਜੇ ਤੇ ਆਪਣੀ ਨਿਗਰਾਨੀ ਹੇਠ ਇਹ ਕਬਜ਼ਾ ਹਟਵਾਇਆ। ਇਸ ਮੌਕੇ ਜੋਤੀ ਯਾਦਵ ਨੇ ਕਿਹਾ ਕਿ ਸੁਖਪ੍ਰੀਤ ਸਿੰਘ ਨਾਂ ਦੇ ਵਿਅਕਤੀ ’ਤੇ ਦੋ ਮਾਮਲੇ ਦਰਜ ਹਨ ਤੇ ਹੈਰੋਇਨ ਸਣੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਪਿੰਡ ਦੀ ਸ਼ਾਮਲਾਟ ਵਿੱਚ ਕਬਜ਼ਾ ਕੀਤਾ ਹੋਇਆ ਸੀ ਤੇ ਅੱਜ ਦੀ ਕਾਰਵਾਈ ਪੰਚਾਇਤ ਵਿਭਾਗ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੰਨਾ ਤਹਿਤ ਹੁਣ ਤੱਕ ਨਸ਼ਾ ਤਸਕਰਾਂ ਦੇ ਕਬਜ਼ੇ ਹੇਠ 12 ਨਸ਼ਾ ਉਸਾਰੀਆਂ ਢਾਹ ਕੇ ਥਾਂ ਕਬਜ਼ਾ ਮੁਕਤ ਕਰਵਾਈ ਗਈ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲੀਸ ਜ਼ਿਲ੍ਹਾ ਖੰਨਾ ਵਿਚ 1 ਮਾਰਚ ਤੋਂ ਲੈ ਕੇ ਹੁਣ ਤੱਕ 370 ਮਾਮਲੇ ਦਰਜ ਕੀਤੇ ਹਨ ਅਤੇ 450 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ਾ ਤਸਕਰਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਇਸ ਮੌਕੇ ਐੱਸ.ਡੀ.ਐੱਮ. ਰਜਨੀਸ਼ ਅਰੋੜਾ, ਐੱਸ.ਪੀ. ਤੇਜਵੀਰ ਸਿੰਘ ਹੁੰਦਲ, ਡੀ.ਐੱਸ.ਪੀ. ਤਰਲੋਚਨ ਸਿੰਘ, ਡੀ.ਐੱਸ.ਪੀ. ਕਰਮਵੀਰ ਤੂਰ, ਥਾਣਾ ਮੁਖੀ ਹਰਵਿੰਦਰ ਸਿੰਘ, ਸਮਰਾਲਾ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਜੂਦ ਸਨ।
ਪੰਚਾਇਤ ਵਿਭਾਗ ਤੋਂ ਖਫ਼ਾ ਨਜ਼ਰ ਆਏ ਪੁਲੀਸ ਅਧਿਕਾਰੀ
ਪਿੰਡ ਚੱਕੀ ਵਿੱਚ ਕਾਰਵਾਈ ਦੌਰਾਨ ਪੰਚਾਇਤ ਵਿਭਾਗ ਦੀ ਵੱਡੀ ਨਲਾਇਕੀ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਦੀ ਰਿਪੋਰਟ ’ਤੇ ਪੁਲੀਸ ਪ੍ਰਸ਼ਾਸਨ ਇਹ ਕਬਜ਼ਾ ਢਾਹੁਣ ਗਿਆ ਸੀ ਪਰ ਉਕਤ ਪਰਿਵਾਰ ਨੇ ਪਹਿਲਾਂ ਹੀ ਇਸ ਦਾ ਕਾਫ਼ੀ ਹਿੱਸਾ ਢਾਹ ਦਿੱਤਾ ਸੀ। ਮੁਲਜ਼ਮ ਦੇ ਪਰਿਾਵਰ ਨੇ ਪੰਚਾਇਤ ਦੀ ਇੱਕ ਮਰਲੇ ਤੋਂ ਘੱਟ ਥਾਂ ’ਤੇ ਖੁਰਲੀਆਂ ਬਣਾ ਕੇ ਪਸ਼ੂਆਂ ਵਾਲਾ ਆਰਜ਼ੀ ਵਾੜਾ ਤਿਆਰ ਕੀਤਾ ਸੀ। ਪੰਚਾਇਤ ਵਿਭਾਗ ਦੀ ਸ਼ਿਕਾਇਤ ਮਗਰੋਂ ਪਰਿਵਾਰ ਨੂੰ ਨੋਟਿਸ ਭੇਜਿਆ ਗਿਆ, ਜਿਸ ਮਗਰੋਂ ਪਰਿਵਾਰ ਨੇ ਖੁਰਲੀਆਂ ਆਦਿ ਢਾਹ ਦਿੱਤੀਆਂ, ਪਰ ਇਸ ਕਾਰਵਾਈ ਦੀ ਪੰਚਾਇਤ ਵਿਭਾਗ ਨੇ ਨਾ ਖ਼ੁਦ ਸਾਰ ਲਈ ਤੇ ਨਾ ਅੱਗੇ ਅਧਿਕਾਰੀਆਂ ਨੂੰ ਦੱਸਿਆ।