ਮਾਛੀਵਾੜਾ: ਅੱਠ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ
ਸੂਚੀ ਦੇਰੀ ਨਾਲ ਲਗਾਉਣ ’ਤੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਗੂਆਂ ਵੱਲੋਂ ਮੁਜ਼ਾਹਰਾ
ਬਲਾਕ ਸਮਿਤੀ ਮਾਛੀਵਾੜਾ ਦੇ 16 ਜ਼ੋਨਾਂ ਲਈ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਅਤੇ ਅੱਜ ਦਸਤਾਵੇਜ਼ਾਂ ਦੀ ਪੜਤਾਲ ਅਤੇ ਇਤਰਾਜ਼ ਲਗਾਉਣ ਦਾ ਦਿਨ ਸੀ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਵਿਰੋਧੀ ਸਿਆਸੀ ਪਾਰਟੀਆਂ ’ਤੇ ਕਾਫ਼ੀ ਇਤਰਾਜ਼ ਲਗਾਏ ਗਏ, ਜਿਸ ਦੀ ਪੜਤਾਲ ਲਈ ਚੋਣ ਅਧਿਕਾਰੀਆਂ ਨੂੰ ਕਾਫ਼ੀ ਸਮਾਂ ਜੱਦੋ-ਜਹਿਦ ਕਰਨੀ ਪਈ। ਨਾਮਜ਼ਦਗੀ ਪੱਤਰਾਂ ਦੀ ਜਾਂਚ ਅਤੇ ਇਤਰਾਜ਼ ਲਗਾਉਣ ਤੋਂ ਬਾਅਦ ਸੂਚੀ ਲਗਾਉਣ ਦਾ ਸਮਾਂ 3 ਵਜੇ ਤੱਕ ਸੀ ਪਰ ਪੜਤਾਲ ਕੀਤੇ ਜਾਣ ਕਾਰਨ ਇਹ ਅੰਤਿਮ ਸੂਚੀ 6 ਵਜੇ ਲਗਾਈ ਗਈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਵਰਕਰ ਨਗਰ ਕੌਂਸਲ ਦਫ਼ਤਰ ਅੱਗੇ ਇਕੱਠੇ ਹੋ ਗਏ। ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦਿਆਂ ‘ਆਪ’ ਸਰਕਾਰ ’ਤੇ ਨਿਸ਼ਾਨੇ ਸੇਧੇ ਗਏ। ਚੋਣ ਅਧਿਕਾਰੀ ਵੱਲੋਂ 6 ਵਜੇ ਤੋਂ ਬਾਅਦ ਜੋ ਸੂਚੀ ਲਗਾਈ ਗਈ ਉਸ ’ਚੋਂ 89 ’ਚੋਂ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਚੋਣ ਅਧਿਕਾਰੀ ਵਲੋਂ ਲਗਾਈ ਸੂਚੀ ਵਿੱਚ ਕਕਰਾਲਾ ਕਲਾਂ ਜ਼ੋਨ ਤੋਂ ਸੁਖਵਿੰਦਰ ਕੌਰ ਜਿਸ ਦੀ ਵੋਟ ਗਲਤ ਪਾਈ ਗਈ, ਗੁਰਪ੍ਰੀਤ ਕੌਰ (ਦੋਵੇਂ ਹੀ ਕਾਂਗਰਸ ਪਾਰਟੀ ਨਾਲ ਸਬੰਧਤ) ਦੀ ਪੂਰੀ ਜਾਣਕਾਰੀ ਉਪਲੱਬਧ ਨਹੀਂ ਅਤੇ ਇਸੇ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਮਰਜੀਤ ਕੌਰ ਦੇ ਤਜਵੀਜ਼ ਕਰਤਾ ਦੇ ਦਸਤਖ਼ਤ ਨਹੀਂ ਸਨ, ਜਿਸ ਕਾਰਨ ਕਾਗਜ਼ ਰੱਦ ਕਰ ਦਿੱਤੇ ਗਏ। ਹੇਡੋਂ ਬੇਟ ਜ਼ੋਨ ਤੋਂ ਗੁਰਜੀਤ ਕੌਰ, ਇੰਦੂ ਬਾਲਾ ਅਤੇ ਭੁਪਿੰਦਰ ਕੌਰ (ਤਿੰਨੋਂ ਕਾਂਗਰਸ ਪਾਰਟੀ ਨਾਲ ਸਬੰਧਤ) ਦੇ ਕਾਗਜ਼ ਰੱਦ ਕਰ ਦਿੱਤੇ ਗਏ। ਹੇਡੋਂ ਢਾਹਾ ਜ਼ੋਨ ਤੋਂ ਭਾਜਪਾ ਦੀ ਬਬਲੀ ਰਾਣੀ ਅਤੇ ਅਕਾਲੀ ਦਲ ਗੁਰਦੇਵ ਕੌਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਇਸੇ ਦੌਰਾਨ ਸੁਰੱਖਿਆ ਲਈ ਡੀ ਐੱਸ ਪੀ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਭਾਰੀ ਫੋਰਸ ਬਲ ਨਾਲ ਮੌਜੂਦ ਰਹੇ।

