ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਸਬੰਧੀ ਕਾਂਗਰਸ ਪਾਰਟੀ ਵੱਲੋਂ ਪਹਿਲ ਕਰਦਿਆਂ ਮਾਛੀਵਾੜਾ ਬਲਾਕ ਦੇ ਤਿੰਨ ਜ਼ੋਨਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਅੱਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਭਰਥਲਾ ਜ਼ੋਨ ਤੋਂ ਰਿਤਿਨਾ, ਚਕਲੀ ਆਦਲ ਜ਼ੋਨ ਤੋਂ ਭਿੰਦਰ ਕੌਰ ਅਤੇ ਮਾਣੇਵਾਲ ਤੋਂ ਲਖਵੀਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਬਲਾਕ ਦੇ ਬਾਕੀ 13 ਬਲਾਕ ਸਮਿਤੀ ਜ਼ੋਨ ਅਤੇ 3 ਜ਼ਿਲ੍ਹਾ ਪਰਿਸ਼ਦ ਜ਼ੋਨਾਂ ਲਈ ਉਮੀਦਵਾਰਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰਾਂ ਵਿੱਚ ਇਨ੍ਹਾਂ ਚੋਣਾਂ ਸਬੰਧੀ ਭਾਰੀ ਉਤਸ਼ਾਹ ਹੈ ਕਿਉਂਕਿ ਲੋਕ ਸੱਤਾਧਾਰੀ ਧਿਰ ਦੀਆਂ ਵਧੀਕੀਆਂ ਤੇ ਝੂਠੇ ਵਾਅਦਿਆਂ ਤੋ ਅੱਕ ਕੇ ਕਾਂਗਰਸ ਨਾਲ ਜੁੜ ਰਹੇ ਹਨ। ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਸੁਭਾਸ਼ ਬੀਟਨ ਅਤੇ ਸੁਖਦੀਪ ਸਿੰਘ ਸੋਨੀ ਵੀ ਮੌਜੂਦ ਸਨ। ਰਾਜਾ ਗਿੱਲ ਨੇ ਕਿਹਾ ਕਿ ਇਹ ਚੋਣ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਲੜੀ ਜਾਵੇਗੀ ਅਤੇ ਪਾਰਟੀ ਦਾ ਹਰੇਕ ਵਰਕਰ ਉਮੀਦਵਾਰ ਨੂੰ ਜਿਤਾਉਣ ਲਈ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕਰੇਗਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਉਹ ਆਪ ਹਰੇਕ ਜ਼ੋਨ ਦੇ ਪਿੰਡਾਂ ਵਿੱਚ ਜਾ ਕੇ ਵਰਕਰਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਕਰਨਗੇ ਅਤੇ ਕਾਂਗਰਸ ਦੀ ਜਿੱਤ ਯਕੀਨੀ ਬਣਾਉਣਗੇ।
ਦਰਜਨਾਂ ਪਿੰਡਾਂ ’ਚ ਨੁੱਕੜ ਮੀਟਿੰਗਾਂ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦਾ ਐਲਾਨ ਹੋਣ ਨਾਲ ਪਿੰਡਾਂ ਵਿੱਚ ਆਗੂਆਂ ਨੇ ਸਰਗਰਮੀਆਂ ਆਰੰਭ ਦਿੱਤੀਆਂ ਹਨ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ), ਭਾਜਪਾ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਮੇਤ ਹੋਰ ਛੋਟੇ-ਛੋਟੇ ਧੜਿਆਂ ਨੇ ਚੋਣ ਮੈਦਾਨ ਵਿੱਚ ਉਤਾਰਨ ਲਈ ਉਮੀਦਵਾਰਾਂ ਦੀ ਚੋਣ ਅਤੇ ਸਰਗਰਮ ਆਗੂਆਂ ਦੀ ਭਾਲ ਲਈ ਨੁੱਕੜ ਮੀਟਿੰਗਾਂ ਆਰੰਭ ਦਿੱਤੀਆਂ ਹਨ। ਇਸ ਵਾਰ ਇਨ੍ਹਾਂ ਚੋਣਾਂ ਨੂੰ ਲੈ ਕੇ ਅਤੇ ਵਿਧਾਨ ਸਭਾ ਚੋਣ ਵਿੱਚ ਘੱਟ ਸਮਾਂ ਰਹਿਣ ਕਰਕੇ ਸੱਤਾਧਾਰੀ ਪਾਰਟੀ ਅਤੇ ਉਸਦੀਆਂ ਵਿਰੋਧੀ ਧਿਰਾਂ ਵਿੱਚ ਖਾਸ ਰੁਚੀ ਵੇਖਣ ਨੂੰ ਮਿਲ ਰਹੀ ਹੈ। ਐਤਵਾਰ ਹੋਣ ਕਾਰਨ ਵੱਖ-ਵੱਖ ਸਿਆਸੀ ਧਿਰਾਂ ਨਾਲ ਜੁੜ੍ਹੇ ਪਿੰਡਾਂ ਦੇ ਆਗੂਆਂ ਵੱਲੋਂ ਆਪਣੀ ਸਰਦਾਰੀ ਕਾਇਮ ਰੱਖਣ ਦੇ ਇਰਾਦੇ ਨਾਲ ਮੀਟਿੰਗਾਂ ਕਰਨ ਦੀ ਖ਼ਬਰਾਂ ਹਨ। ਹਲਕਾ ਜਗਰਾਉਂ ਅਤੇ ਦਾਖਾ ਦੇ ਸਿੱਧਵਾਂ ਬੇਟ ਬਲਾਕ ਨਾਲ ਸਬੰਧਤ 13 ਪਿੰਡਾਂ ਵਿੱਚ ਉਮੀਦਵਾਰਾਂ ਦੇ ਐਲਾਨ ਲਈ ਵੱਖ-ਵੱਖ ਧੜਿਆਂ ਵੱਲੋਂ ਆਪਣੇ ਸਾਥੀਆਂ ਦੀ ਰਾਇ ਲੈਣ ਲਈ ਲੰਬਾ ਸਮਾਂ ਮੀਟਿੰਗਾਂ ਚੱਲੀਆਂ ਪਰ ਇਹ ਮੀਟਿੰਗ ਪਹਿਲੀ ਹੋਣ ਕਾਰਨ ਪਿੰਡਾਂ ਦੇ ਆਗੂ ਆਪਣੇ ਧੜਿਆਂ ਦੇ ਰੰਗ ਸਮਝਣ ਵਿੱਚ ਕਾਮਯਾਬ ਨਹੀਂ ਹੋਏ। ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਹਿਲਕਦਮੀ ਕਰਦਿਆਂ ਦੋਵਾਂ ਚੋਣਾਂ ਲਈ ਮਾਣੂੰਕੇ, ਗਾਲਿਬ ਕਲਾਂ ਅਤੇ ਸਿੱਧਵਾਂ ਕਲਾਂ ਜ਼ੋਨ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ।

