ਸਨਅਤੀ ਸ਼ਹਿਰ ਲੁਧਿਆਣਾ ਨੂੰ ਭਾਵੇਂ ‘ਸਮਾਰਟ ਸ਼ਹਿਰ’ ਆਖਿਆ ਜਾਂਦਾ ਹੈ ਪਰ ਇੱਥੋਂ ਦੇ ਜਲੰਧਰ ਬਾਈਪਾਸ ਨੇੜੇ ਪੈਂਦੀ ਸਬਜ਼ੀ ਮੰਡੀ ਦੀ ਮੰਦੀ ਹਾਲਤ ਸਭ ਕੁੱਝ ਬਿਆਨ ਕਰਦੀ ਨਜ਼ਰ ਆ ਰਹੀ ਹੈ। ਇਸ ਸਬਜ਼ੀ ਮੰਡੀ ਵਿੱਚ ਥਾਂ-ਥਾਂ ਕੂੜੇ ਦੇ ਲੱਗੇ ਢੇਰ ਅਤੇ ਖੜ੍ਹਾ ਬਰਸਾਤੀ ਪਾਣੀ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। ਇਸ ਸਬਜ਼ੀ ਮੰਡੀ ਵਿੱਚ ਲੁਧਿਆਣਾ ਤੋਂ ਹੀ ਨਹੀਂ ਸਗੋਂ ਸੂਬੇ ਭਰ ਦੇ ਕਿਸਾਨ ਅਤੇ ਵਪਾਰੀ ਆਉਂਦੇ-ਜਾਂਦੇ ਹਨ।ਲੁਧਿਆਣਾ ਦੀ ਸਬਜ਼ੀ ਮੰਡੀ ਸੂਬੇ ਵਿੱਚ ਸਭ ਤੋਂ ਵੱਡੀ ਸਬਜ਼ੀ ਮੰਡੀ ਗਿਣੀ ਜਾਂਦੀ ਹੈ ਜਿੱਥੋਂ ਰੋਜ਼ਾਨਾ ਸਵੇਰੇ-ਸ਼ਾਮ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਪਣੀ ਸਬਜ਼ੀ ਵੇਚਣ ਅਤੇ ਵਪਾਰੀ ਖ਼ਰੀਦਣ ਲਈ ਆਉਂਦੇ ਹਨ। ਇਸ ਸਬਜ਼ੀ ਮੰਡੀ ਵਿੱਚ ਸੈਂਕੜੇ ਫੜੀਆਂ ਅਤੇ ਦੁਕਾਨਾਂ ਲੱਗੀਆਂ ਹੋਈਆਂ ਹਨ ਜਿੱਥੇ ਰੋਜ਼ਾਨਾਂ ਹਜ਼ਾਰਾਂ ਕੁਇੰਟਲ ਸਬਜ਼ੀ ਵੇਚੀ ਜਾਂਦੀ ਹੈ। ਬਰਸਾਤੀ ਮੌਸਮ ਹੋਣ ਕਰਕੇ ਬਹੁਤੀ ਸਬਜ਼ੀ ਢੋਆ-ਢੁਆਈ ਦੌਰਾਨ ਹੀ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਇਹ ਵਿਕਣੋਂ ਰਹਿ ਜਾਂਦੀ ਹੈ। ਕਈ ਦੁਕਾਨਦਾਰਾਂ ਵੱਲੋਂ ਅਜਿਹੀ ਗਲੀ-ਸੜੀ ਸਬਜ਼ੀ ਨੂੰ ਢੁਕਵੀਂ ਜਗ੍ਹਾ ’ਤੇ ਸੁੱਟਣ ਦੀ ਥਾਂ ਸੜਕਾਂ ’ਤੇ ਹੀ ਖਿਲਾਰ ਦਿੱਤਾ ਗਿਆ। ਵਾਰ-ਵਾਰ ਮੀਂਹ ਪੈਣ ਨਾਲ ਇਹ ਸਬਜ਼ੀ ਗਲਣ ਕਰਕੇ ਇਸ ਨੇ ਬਦਬੂ ਮਾਰਨੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਵੀ ਇਸ ਸਬਜ਼ੀ ਮੰਡੀ ਵਿੱਚ ਥਾਂ-ਥਾਂ ਕੂੜੇ ਅਤੇ ਗਲੀ -ਸੜੀ ਸਬਜ਼ੀ ਦੇ ਢੇਰ ਦੇਖਣ ਨੂੰ ਮਿਲੇ ਹਨ। ਕਈ ਥਾਵਾਂ ’ਤੇ ਮੀਂਹ ਦੇ ਖੜ੍ਹੇ ਪਾਣੀ ਵਿੱਚ ਮੱੱਛਰ ਦੀ ਭਰਮਾਰ ਦੇਖੀ ਗਈ ਹੈ। ਇਹ ਖਰਾਬ ਸਬਜ਼ੀ ਅਤੇ ਖੜ੍ਹਾ ਬਰਸਾਤੀ ਪਾਣੀ ਨਾ ਸਿਰਫ਼ ਬਦਬੂ ਫੈਲਾ ਰਿਹਾ ਹੈ ਸਗੋਂ ਇਸ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਖਦਸ਼ਾ ਵੀ ਪੈਦਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ ਤਿੰਨ ਛੁੱਟੀਆਂ ਹੋਣ ਕਰਕੇ ਵੀ ਇਹ ਗੰਦਗੀ ਦਿਖਾਈ ਦੇ ਰਹੀ ਹੈ।