ਮੀਂਹ ਮਗਰੋਂ ਲੁਧਿਆਣਵੀਆਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ
ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਹਮੇਸ਼ਾ ਗਰਮ ਰਹਿਣ ਵਾਲੇ ਲੁਧਿਆਣਾ ਵਿੱਚ ਸੋਮਵਾਰ ਦੁਪਹਿਰ ਬਾਅਦ ਆਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਬੱਦਲਵਾਈ ਦੇ ਬਾਵਜੂਦ ਲੁਧਿਆਣਵੀ ਮੀਂਹ ਨੂੰ ਤਰਸ ਗਏ ਸਨ। ਅਚਾਨਕ ਆਏ ਇਸ ਮੀਂਹ ਨੇ ਆਪੋ ਆਪਣੀ ਮੰਜ਼ਿਲ ਵੱਲ ਪੈਦਲ ਜਾਂਦੇ ਲੋਕਾਂ ਨੂੰ ਰਸਤੇ ਵਿੱਚ ਹੀ ਘੇਰ ਲਿਆ। ਪੀਏਯੂ ਮੌਸਮ ਵਿਭਾਗ ਵੱਲੋਂ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੇ ਤੋਂ ਭਾਰੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਮੀਂਹ ਦੀ ਪੇਸ਼ੀਨਗੋਈ ਦੇ ਬਾਵਜੂਦ ਲੁਧਿਆਣਾ ਦੇ ਲੋਕ ਮੀਂਹ ਨੂੰ ਤਰਸ ਗਏ ਸਨ। ਇਨ੍ਹਾਂ ਦਿਨਾਂ ਦੌਰਾਨ ਰੋਜ਼ਾਨਾ ਸੰਘਣੀ ਬੱਦਲਵਾਈ ਹੁੰਦੀ ਰਹੀ ਅਤੇ ਤੇਜ਼ ਹਵਾ ਤੋਂ ਬਾਅਦ ਦੁਬਾਰਾ ਮੌਸਮ ਸਾਫ ਹੋ ਜਾਂਦਾ ਸੀ ਪਰ ਸੋਮਵਾਰ ਦੁਪਹਿਰ ਸਮੇਂ ਹੋਈ ਸੰਘਣੀ ਬੱਦਲਵਾਈ ਤੋਂ ਬਾਅਦ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਰਵਾਂ ਮੀਂਹ ਪਿਆ। ਇਸ ਮੀਂਹ ਨੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਵਾਲੇ ਮੌਸਮ ਤੋਂ ਵੱਡੀ ਰਾਹਤ ਦਿੱਤੀ ਹੈ। ਕਈ ਨੀਵੀਆਂ ਸੜਕਾਂ/ਗਲੀਆਂ ਵਿੱਚ ਪਾਣੀ ਭਰ ਹੋ ਗਿਆ। ਅਚਾਨਕ ਆਏ ਇਸ ਮੀਂਹ ਨਾਲ ਸੜਕ ’ਤੇ ਪੈਦਲ ਜਾਂਦੇ ਰਾਹਗੀਰ ਪੂਰੀ ਤਰ੍ਹਾਂ ਮੀਂਹ ਨਾਲ ਭਿੱਜ ਗਏ। ਇਹ ਸਮਾਂ ਸਕੂਲਾਂ ਵਿੱਚ ਬੱਚਿਆਂ ਨੂੰ ਛੁੱਟੀ ਦਾ ਹੋਣ ਕਰਕੇ, ਉਨ੍ਹਾਂ ਨੂੰ ਆਪੋ ਆਪਣੇ ਘਰਾਂ ਨੂੰ ਵਾਪਸ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ ਦਿਨ ਸਮੇਂ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਸੀ ਜੋ ਮੀਂਹ ਪੈਣ ਤੋਂ ਬਾਅਦ ਕਾਫੀ ਹੇਠਾਂ ਆ ਗਿਆ। ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੇ ਤੋਂ ਭਾਰਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਜੂਨ ਮਹੀਨੇ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਪਿਆ ਸੀ। ਜੂਨ ਅਤੇ ਜੁਲਾਈ ਮਹੀਨੇ ’ਚ ਹੁਣ ਤੱਕ ਔਸਤ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ।