ਟੁੱਟੀਆਂ ਸੜਕਾਂ ਕਾਰਨ ਲੁਧਿਆਣਾ ਵਾਸੀ ਪ੍ਰੇਸ਼ਾਨ
ਪੰਜਾਬ ਦੇ ਪ੍ਰਮੁੱਖ ਵਪਾਰਕ ਅਤੇ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਖ਼ਸਤਾ ਹਾਲ ਸੜਕਾਂ ਮੀਂਹ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਇਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਵੱਖ-ਵੱਖ ਇਲਾਕਿਆਂ ਵਿੱਚ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ਦੀਆਂ ਸੜਕਾਂ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ। ਇਨ੍ਹਾਂ ਕਾਰਨ ਕਈ ਥਾਈਂ ਹਾਦਸੇ ਵੀ ਵਾਪਰ ਰਹੇ ਹਨ। ਕਈ ਥਾਵਾਂ ’ਤੇ ਤਾਂ ਟੋਏ ਇੰਨੇ ਵੱਡੇ ਹਨ ਕਿ ਉਸ ਤੋਂ ਲੰਘਣ ਲੱਗਿਆ ਵੀ ਵਾਹਨ ਚਾਲਕਾਂ ਨੂੰ ਡਰ ਲੱਗਦਾ ਹੈ ਕਿਉਂਕਿ ਕਈ ਵਾਰ ਦੋ ਪਹੀਆ ਵਾਹਨ ਹਾਦਸਿਆਂ ਦਾ ਕਾਰਨ ਬਣੇ ਹਨ।
ਬੇਸ਼ਕ ਮੌਸਮ ਅਨੁਮਾਨ ਵਿਭਾਗ ਵੱਲੋਂ ਅਗਲੇ ਦਿਨਾਂ ਦੌਰਾਨ ਮੁੜ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਇਸ ਤੋਂ ਪਹਿਲਾਂ ਪਈਆਂ ਬਾਰਸ਼ਾਂ ਨੇ ਪੰਜਾਬ ਦੇ ਸਮਾਰਟ ਸਿਟੀ ਸ਼ਹਿਰ ਲੁਧਿਆਣਾ ਦੀਆਂ ਸੜਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਸ਼ਹਿਰ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਸਾਰੀਆਂ ਸੜਕਾਂ ਮੁਕੰਮਲ ਰੂਪ ਵਿੱਚ ਠੀਕ ਮਿਲ ਸਕਣ। ਫ਼ਿਰੋਜ਼ਪੁਰ ਰੋਡ, ਪੱਖੋਵਾਲ ਰੋਡ, ਸਿਵਲ ਲਾਈਨ, ਹੈਬੋਵਾਲ, ਫੀਲਡ ਗੰਜ, ਬਰਾਊਨ ਰੋਡ, ਜੀਟੀ ਰੋਡ, ਮਾਡਲ ਟਾਊਨ, ਹੈਬੋਵਾਲ, ਮਾਡਲ ਟਾਊਨ ਐਕਸਟੈਨਸ਼ਨ, ਭਾਈ ਰਣਧੀਰ ਸਿੰਘ ਨਗਰ, ਮਾਧੋਪੁਰੀ, ਚੰਦਰ ਨਗਰ, ਜਨਤਾ ਨਗਰ, ਸ਼ਿਮਲਾਪੁਰੀ, ਗਿੱਲ ਰੋਡ ਅਤੇ ਵਿਸ਼ਕਰਮਾ ਚੌਂਕ ਆਦਿ ਇਲਾਕਿਆਂ ਵਿੱਚ ਤਾਂ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ।
ਹਲਕਾ ਪੱਛਮੀ ਦੇ ਇਲਾਕੇ ਵਿੱਚ ਬੇਸ਼ਕ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਸੜਕਾਂ ਦੀ ਮੁਰੰਮਤ ਕੀਤੀ ਗਈ ਸੀ ਪਰ ਬਾਰਸ਼ਾਂ ਕਾਰਨ ਇਨ੍ਹਾਂ ਸੜਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਹੈ। ਕਈ ਇਲਾਕਿਆਂ ਵਿੱਚ ਸੜਕਾਂ ਦੇ ਟੋਇਆਂ ਕਾਰਨ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਵੀ ਬਣ ਚੁੱਕੇ ਹਨ ਅਤੇ ਕਈ ਲੋਕ ਜ਼ਖਮੀਂ ਵੀ ਹੋ ਚੁੱਕੇ ਹਨ।
ਮੀਂਹਾਂ ਮਗਰੋਂ ਕਰਵਾਈ ਜਾਵੇਗੀ ਮੁਰੰਮਤ: ਮੇਅਰ
ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸਰਵੇਖਣ ਕਰਵਾ ਕੇ ਬਰਸਾਤਾਂ ਤੋਂ ਬਾਅਦ ਸੜਕਾਂ ਦੀ ਮੁਰੰਮਤ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਹੁਣ ਸੜਕਾਂ ਦੀ ਮੁਰੰਮਤ ਹੋ ਜਾਂਦੀ ਹੈ ਤਾਂ ਅਗਲੇ ਦਿਨਾਂ ਦੌਰਾਨ ਪੈਣ ਵਾਲੀ ਬਾਰਸ਼ ਕਾਰਨ ਸੜਕਾਂ ਮੁੜ ਖ਼ਰਾਬ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।