ਗਰਮੀਆਂ ਵਿੱਚ ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਗਰਮ ਰਹਿਣ ਵਾਲਾ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇਸ ਸਾਲ ਔਸਤ ਨਾਲੋਂ 21 ਐਮਐਮ ਦੇ ਕਰੀਬ ਮੀਂਹ ਵੱਧ ਪਿਆ ਹੈ। ਇਸ ਮੀਂਹ ਨਾਲ ਜਿੱਥੇ ਸੜ੍ਹਕਾਂ ਦੀ ਹਾਲਤ ਖਸਤਾ ਹੋਈ ਉੱਥੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਐਤਵਾਰ ਵੀ ਲੁਧਿਆਣਾ ਵਿੱਚ ਬੱਦਲਵਾਈ ਵਾਲਾ ਮੌਸਮ ਰਿਹਾ ਅਤੇ ਕਿਤੇ ਕਿਤੇ ਹਲਕਾਂ ਮੀਂਹ ਵੀ ਪੈਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਅਨੁਸਾਰ ਆਉਂਦੇ ਦਿਨਾਂ ’ਚ ਵੀ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਵਾਰ ਬਰਸਾਤਾਂ ਨੇ ਸਮਾਰਟ ਸ਼ਹਿਰਾਂ ਵਿੱਚ ਗਿਣੇ ਜਾਂਦੇ ਲੁਧਿਆਣਾ ਸ਼ਹਿਰ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ ਹੈ। ਪਿਛਲੇ ਦਿਨਾਂ ਦੌਰਾਨ ਲਗਾਤਾਰ ਤਿੰਨ ਦਿਨ ਮੀਂਹ ਪੈਣ ਨਾਲ ਸ਼ਹਿਰ ਦੀਆਂ ਕਈ ਥਾਵਾਂ ’ਤੇ ਸੜਕਾਂ ਧਸ ਗਈਆਂ ਸਨ ਅਤੇ ਥਾਂ-ਥਾਂ ਡੂੰਘੇ ਅਤੇ ਵੱਡੇ ਟੋਏ ਪੈ ਗਏ। ਇਨ੍ਹਾਂ ਵਿੱਚੋਂ ਕਈ ਥਾਂ ਪ੍ਰਸ਼ਾਸਨ ਅਤੇ ਆਮ ਲੋਕਾਂ ਵੱਲੋਂ ਇੱਟਾਂ ਅਤੇ ਮਿੱਟੀ ਆਦਿ ਨਾਲ ਇਨ੍ਹਾਂ ਟੋਇਆਂ ਨੂੰ ਪੂਰਿਆ ਵੀ ਗਿਆ ਪਰ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਇਹ ਦੁਬਾਰਾ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣਦੇ ਆ ਰਹੇ ਹਨ। ਦੂਜੇ ਪਾਸੇ ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਸ ਵਾਰ ਲੁਧਿਆਣਾ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਮੀਂਹ ਪਿਆ ਹੈ। ਉਨ੍ਹਾਂ ਅਨੁਸਾਰ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਔਸਤਨ 190.3 ਐਮਐਮ ਮੀਂਹ ਪੈਂਦਾ ਆ ਰਿਹਾ ਹੈ ਪਰ ਇਸ ਵਾਰ ਇਹ ਮੀਂਹ 211.4 ਐਮਐਮ ਦਰਜ ਕੀਤਾ ਗਿਆ ਹੈ ਜੋ ਔਸਤ ਨਾਲੋਂ 21 ਐਮਐਮ ਤੋਂ ਵਧ ਹੈ। ਉਨ੍ਹਾਂ ਖੁਲਾਸਾ ਕੀਤਾ ਕਿ 2011 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਮੀਂਹ 513 ਐਮਐਮ ਦਰਜ ਹੈ। ਡਾ. ਕਿੰਗਰਾ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਭਾਵੇਂ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਕਿਤੇ ਕਿਤੇ ਬੱਦਲਵਾਈ ਅਤੇ ਹਲਕਾ ਮੀਂਹ ਪੈ ਸਕਦਾ ਹੈ। ਉੱਧਰ ਪਹਾੜਾਂ ਵਿੱਚੋਂ ਦਰਿਆਵਾਂ ਦੇ ਰਸਤੇ ਆਏ ਪਾਣੀ ਨੇ ਪੰਜਾਬ ਦੇ ਕਈ ਜ਼ਿਲਿ੍ਹਆਂ ਵਿੱਚ ਹੜ੍ਹਾਂ ਵਾਲੀ ਸਥਿਤੀ ਬਣਾਈ ਹੋਈ ਹੈ। ਭਾਵੇਂ ਪੰਜਾਬ ਵਿੱਚ ਪਏ ਮੀਂਹ ਝੋਨੇ ਦੀ ਫਸਲ ਲਈ ਲਾਹੇਵੰਦ ਸਨ ਪਰ ਇੰਨਾਂ ਹੜ੍ਹਾਂ ਨੇ ਕਿਸਾਨਾਂ ਦੀ ਪੁੱਤਾਂ ਦੀ ਤਰ੍ਹਾਂ ਪਾਲੀ ਫਸਲ ਹੀ ਰੋੜ੍ਹ ਦਿੱਤੀ ਹੈ।