ਲੁਧਿਆਣਾ ਵਿੱਚ ਔਸਤ ਨਾਲੋਂ 15 ਫ਼ੀਸਦੀ ਵੱਧ ਮੀਂਹ ਪਿਆ
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਸੰਘਣੀ ਬੱਦਲਵਾਈ ਅਤੇ ਹਲਕੀ ਕਿਣਮਿਣ ਹੋ ਰਹੀ ਹੈ। ਅਜਿਹੇ ਮੌਸਮ ਨਾਲ ਦਿਨ ਦੇ ਤਾਪਮਾਨ ਵਿੱਚ ਭਾਵੇਂ ਬਹੁਤਾ ਫ਼ਰਕ ਨਹੀਂ ਪਿਆ ਪਰ ਰਾਤ ਸਮੇਂ ਤਾਪਮਾਨ ਘੱਟ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੋਈ ਹੈ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਪਹਿਲੀ ਜੂਨ ਤੋਂ 18 ਜੁਲਾਈ ਤੱਕ ਪੂਰੇ ਪੰਜਾਬ ਵਿੱਚ 15 ਫੀਸਦੀ ਵੱਧ ਮੀਂਹ ਪਿਆ ਹੈ। ਔਸਤਨ ਮੀਂਹ 87 ਐੱਮਐੱਮ ਦਰਜ ਹੈ ਪਰ ਇਸ ਵਾਰ ਇਹ ਮੀਂਹ 100 ਐੱਮਐੱਮ ਦੇ ਕਰੀਬ ਪਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ ਮੀਂਹ ਤਰਨ ਤਾਰਨ ਅਤੇ ਸਭ ਤੋਂ ਘੱਟ ਕਪੂਰਥਲਾ ਵਿੱਚ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਸਿਰਫ਼ ਜੂਨ ਮਹੀਨੇ ਵਿੱਚ ਹੀ 128 ਐੱਮਐੱਮ ਮੀਂਹ ਪੈ ਚੁੱਕਾ ਸੀ। ਇਸੇ ਤਰ੍ਹਾਂ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਅਨੁਸਾਰ ਲੁਧਿਆਣਾ ਵਿੱਚ ਜੁਲਾਈ ਮਹੀਨੇ ਔਸਤਨ ਮੀਂਹ 35 ਐੱਮਐੱਮ ਪੈਂਦਾ ਹੈ ਪਰ ਇਸ ਵਾਰ ਇਹ ਮੀਂਹ 43 ਐੱਮਐੱਮ ਪੈ ਚੁੱਕਾ ਹੈ।
ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਕਿਹਾ ਕਿ ਹਾਲਾਂ ਆਉਂਦੇ ਦਿਨਾਂ ਤੱਕ ਇਸੇ ਤਰ੍ਹਾਂ ਬੱਦਲਵਾਈ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ 21 ਜੁਲਾਈ ਤੋਂ ਬਾਅਦ ਹਲਕੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਧਰ ਮੌਨਸੂਨ ਸੀਜਨ 20 ਸਤੰਬਰ ਤੱਕ ਜਾਰੀ ਰਹੇਗਾ। ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 31.8 ਅਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਵੇਰ ਸਮੇਂ ਮੌਸਮ ਵਿੱਚ ਨਮੀ ਦੀ ਮਾਤਰਾ 83 ਜਦਕਿ ਸ਼ਾਮ ਵੇਲੇ 75 ਫੀਸਦੀ ਸੀ।