ਲੁਧਿਆਣਾ ਵਿੱਚ ਪਿਛਲੇ 8 ਘੰਟੇ ਤੋਂ ਲਗਾਤਾਰ ਪੈ ਰਿਹਾ ਮੀਂਹ ਸ਼ਹਿਰ ਵਾਸੀਆਂ ਲਈ ਆਫ਼ਤ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਢੇ ਦਰਿਆ ਵਿੱਚ ਪਾਣੀ ਓਵਰਫਲੋ ਚੱਲ ਰਿਹਾ ਹੈ। ਜਿਸ ਕਰਕੇ ਪ੍ਰਸ਼ਾਸਨ ਤੇ ਵਿਧਾਇਕਾਂ ਦੇ ਸਾਹ ਸੁੱਕੇ ਹੋਏ ਹਨ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਜਾਇਜ਼ਾ ਲੈ ਰਹੇ ਹਨ। ਕੁੱਝ ਇਲਾਕਿਆਂ ਵਿੱਚ ਬੁੱਢੇ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਘਰਾਂ ਵਿੱਚ ਵੀ ਵੜ੍ਹਨ ਲੱਗਾ ਹੈ।
ਜ਼ਿਕਰਯੋਗ ਹੈ ਕਿ ਸਨਅਤੀ ਸ਼ਹਿਰ ਵਿੱਚ ਅੱਜ ਸਵੇਰੇ 5 ਵਜੇ ਤੋਂ ਹੀ ਲਗਾਤਾਰ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਕਾਰਨ ਦਿਨ ਚੜ੍ਹਦੇ ਕਈ ਇਲਾਕੇ ਪਾਣੀ ਨਾਲ ਡੁੱਬੇ ਹੋਏ ਸਨ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਮਾਹੌਲ ਹੋਣ ਕਾਰਨ ਸ਼ਹਿਰ ਵਿੱਚ ਲੋਕ ਸਹਿਮ ਗਏ ਹਨ। ਇੱਥੋਂ ਦੇ ਹੈਬੋਵਾਲ, ਸ਼ਿਵਾਜੀ ਨਗਰ, ਕੁੰਦਨਪੁਰੀ, ਕਾਲਜ ਰੋਡ, ਰਾਹੋਂ ਰੋਡ, ਚੰਡੀਗੜ੍ਹ ਰੋਡ, ਫਿਰੋਜ਼ਪੁਰ ਰੋਡ ’ਤੇ ਵੱਡੇ ਪੱਧਰ ’ਤੇ ਪਾਣੀ ਜਮ੍ਹਾਂ ਹੋ ਗਿਆ।
ਬਾਗ ਵਾਲੀ ਗਲੀ ਵਿੱਚ ਖੰਡਰ ਹੋ ਚੁੱਕੇ ਦੋ ਮੰਜਿਲਾਂ ਮਕਾਨ ਦਾ ਇੱਕ ਹਿੱਸਾ ਡਿੱਗ ਗਿਆ। ਹਾਲਾਂਕਿ, ਮਕਾਨ ਖਾਲੀ ਹੋਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸੇ ਤਰ੍ਹਾਂ ਸ਼ਿਵਾਲਾ ਰੋਡ ਨੇੜੇ ਵੀ ਇੱਕ ਪੁਰਾਣੇ ਮਕਾਨ ਦੀ ਕੰਧ ਡਿੱਗ ਗਈ, ਜਿਸ ਕਾਰ ਆਸਪਾਸ ਦੇ ਵਸਨੀਕਾਂ ਦੇ ਮਨਾ ਵਿਚ ਸਹਿਮ ਦਾ ਮਾਹੌਲ ਹੈ। ਦਮੋਰਿਆ ਪੁੱਲ ਨੇੜੇ ਕੰਧ ਡਿੱਗਣ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ।