ਲੁਧਿਆਣਾ ਦੇ ਬਾਜ਼ਾਰਾਂ ਵਿੱਚ ਤਿਉਹਾਰਾਂ ਮੌਕੇ ਰੌਣਕ ਵਧੀ
ਦੁਕਾਨਾਂ ਦੇ ਬਾਹਰ ਲੱਗੀਆਂ ਫੜ੍ਹੀਆਂ ਬਣ ਰਹੀਆਂ ਨੇ ਟਰੈਫਿਕ ’ਚ ਅੜਿੱਕਾ
ਸਨਅਤੀ ਸ਼ਹਿਰ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਅੱਜਕਲ੍ਹ ਤਿਉਹਾਰਾਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਇੱਥੋਂ ਦੇ ਬਾਜ਼ਾਰਾਂ ਵਿੱਚ ਆਮ ਨਾਲੋਂ ਕਿਤੇ ਵੱਧ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਦੁਕਾਨਾਂ ਦੇ ਬਾਹਰ ਲੱਗੀਆਂ ਫੜ੍ਹੀਆਂ ਆਵਾਜਾਈ ਵਿੱਚ ਅੜਿੱਕਾ ਬਣਦੀਆਂ ਨਜ਼ਰ ਆਈਆਂ।
ਥੋਕ ਦੇ ਸਮਾਨ ਦੀ ਹੱਬ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਤਿਉਹਾਰਾਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਅੱਜਕਲ੍ਹ ਦਸਹਿਰਾ ਮੇਲਾ ਕਰਕੇ ਚੌੜਾ ਬਾਜ਼ਾਰ ਅਤੇ ਆਲੇ-ਦੁਆਲੇ ਦੇ ਹੋਰ ਬਾਜ਼ਾਰਾਂ ਵਿੱਚ ਵੀ ਪੂਰੀਆਂ ਰੌਣਕਾਂ ਹਨ। ਚੌੜੇ ਬਾਜ਼ਾਰ ਦੇ ਨੇੜੇ ਦਰੇਸੀ ਗਰਾਊਂਡ ਵਿੱਚ ਮੁੱਖ ਦਸਿਹਰਾ ਮੇਲਾ ਲਾਇਆ ਜਾਂਦਾ ਹੈ। ਇਸ ਕਰਕੇ ਅਤੇ ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਬਾਜ਼ਾਰ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਮਿਲ ਰਹੀ ਸੀ। ਕਈ ਦੁਕਾਨਾਂ ਦੇ ਬਾਹਰ ਕਈ-ਕਈ ਫੁੱਟ ਸੜ੍ਹਕ ਤੱਕ ਲਾਈਆਂ ਫੜ੍ਹੀਆਂ ਟਰੈਫਿਕ ਵਿੱਚ ਅੜਿੱਕਾ ਬਣ ਰਹੀਆਂ ਸਨ। ਬਿਜਲੀ ਦੀ ਵੱਡੀ ਮਾਰਕੀਟ ਵੀ ਲੁਧਿਆਣਾ ਵਿੱਚ ਹੈ। ਦੀਵਾਲੀ ਦੇ ਤਿਉਹਾਰ ਨੂੰ ਭਾਵੇਂ ਹਾਲਾਂ ਕਈ ਦਿਨ ਬਾਕੀ ਹਨ ਪਰ ਇਸ ਬਾਜ਼ਾਰ ਵਿੱਚ ਭਾਂਤ-ਭਾਂਤ ਦੀਆਂ ਬਿਜਲਈ ਲੜੀਆਂ ਰਾਹਗੀਰਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। ਦੁਕਾਨਦਾਰਾਂ ਦੇ ਕਹਿਣ ਅਨੁਸਾਰ ਦੀਵਾਲੀ ਮੌਕੇ ਲੱਗਦੀਆਂ 90 ਫੀਸਦੀ ਤੋਂ ਵੱਧ ਬਿਜਲਈ ਲੜੀਆਂ ਚਾਈਨਾਂ ਤੋਂ ਹੀ ਤਿਆਰ ਹੋ ਕੇ ਆਉਂਦੀਆਂ ਹਨ। ਇਹ ਲੜੀਆਂ ਜਿੱਥੇ ਡਿਜ਼ਾਇਨ ਅਤੇ ਖੂਬਸੂਰਤੀ ਪੱਖੋਂ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ ਉੱਥੇ ਇਨ੍ਹਾਂ ਦੀ ਘੱਟ ਕੀਮਤ ਵੀ ਗ੍ਰਾਹਕ ਨੂੰ ਖ੍ਰੀਦਣ ਲਈ ਮਜ਼ਬੂਰ ਕਰ ਦਿੰਦੀ ਹੈ। ਇਸ ਬਾਜ਼ਾਰ ਦੇ ਨਾਲ ਹੀ ਗੁੜ੍ਹ ਮੰਡੀ ਅਤੇ ਹੋਰ ਬਾਜ਼ਾਰ ਹਨ ਜਿੱਥੇ ਅੱਜਕਲ੍ਹ ਕਰਵਾਚੌਥ ਦੇ ਵਰਤ ਨਾਲ ਸਬੰਧਤ ਅਤੇ ਹੋਰ ਤਿਉਹਾਰਾਂ ਦੇ ਸਮਾਨ ਨਾਲ ਦੁਕਾਨਾਂ ਨੱਕੋ ਨੱਕ ਭਰੀਆਂ ਹੋਈਆਂ ਹਨ। ਇਨ੍ਹਾਂ ਬਾਜ਼ਾਰਾਂ ਵਿੱਚ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਗਾਹਕਾਂ ਦੀ ਚਹਿਲ-ਪਹਿਲ ਕਈ ਗੁਣਾਂ ਵਧੀ ਹੈ। ਇੱਥੋਂ ਖਰੀਦਦਾਰੀ ਕਰਨ ਲੁਧਿਆਣਾ ਦੇ ਹੀ ਨਹੀਂ ਸਗੋਂ ਹੋਰਨਾਂ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਵੀ ਲੋਕ ਆਉਂਦੇ ਹਨ।