ਦੌੜ ਮੁਕਾਬਲੇ ’ਚੋਂ ਲੁਧਿਆਣਾ ਦੀ ਜੋੜੀ ਦਾ ਸ਼ਾਨਦਾਰ ਪ੍ਰਦਰਸ਼ਨ
ਮਿਲਖਾ ਸਿੰਘ ਮਾਸਟਰ ਅਥਲੈਟਿਕਸ ਕਲੱਬ ਬਠਿੰਡਾਂ ਵੱਲੋਂ ਕਰਵਾਏ ਮੁਕਾਬਲੇ
ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੇ ਨਾਂ ’ਤੇ ਬਣੇ ਮਿਲਖਾ ਸਿੰਘ ਮਾਸਟਰ ਅਥਲੈਟਿਕਸ ਕਲੱਬ ਬਠਿੰਡਾਂ ਵੱਲੋਂ ਕਰਵਾਏ ‘ਦੂਜੇ ਮਿਲਖਾ ਸਿੰਘ ਮਾਸਟਰਜ਼ ਅਥਲੈਟਿਕ ਮੁਕਾਬਲੇ’ ਵਿੱਚ ਲੁਧਿਆਣਾ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤੇ। ਇਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਬਠਿੰਡਾ ਦੇ ਡੀ ਏ ਵੀ ਕਾਲਜ ਵਿੱਚ ਕਲੱਬ ਦੇ ਪ੍ਰਧਾਨ ਅਤੇ ਨੰਬਰਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚੋਂ 30-34 ਸਾਲ ਤੋਂ ਲੈ ਕੇ ਉਮਰ ਗਰੁੱਪ 90 ਤੋਂ ਉਪਰ ਦੇ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਐਥਲੀਟ ਜੋੜੀ ਸੇਵਾ ਮੁਕਤ ਸਟੇਟ ਐਵਾਰਡੀ ਮੁੱਖ ਅਧਿਆਪਕ ਸੁਖਰਾਮ ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਨੇ ਆਪਣੇ ਆਪਣੇ ਉਮਰ ਗਰੁੱਪ ਵਿੱਚ ਹਿੱਸਾ ਲੈਂਦਿਆਂ ਜ਼ਿਲ੍ਹੇ ਦਾ ਨਾਂ ਹੋਰ ਉੱਚਾ ਕੀਤਾ। ਕਮਲੇਸ਼ ਰਾਣੀ ਨੇ 55-59 ਸਾਲ ਉਮਰ ਵਰਗ ਵਿੱਚ ਹਿੱਸਾ ਲੈਂਦਿਆਂ ਔਰਤਾਂ ਦੀ 400 ਮੀਟਰ ਦੌੜ ਮੁਕਾਬਲੇ ਵਿੱਚ ਸੋਨੇ ਦਾ ਅਤੇ 800 ਮੀਟਰ ਦੌੜ ਵਿੱਚੋਂ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ 60-64 ਸਾਲ ਉਮਰ ਵਰਗ ਵਿੱਚ ਸੁਖਰਾਮ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। ਇਸ ਐਥਲੀਟ ਜੋੜੀ ਦੀ ਇਸ ਸ਼ਾਨਦਾਰ ਉਪਲਬਧੀ ਲਈ ‘ਸੈਕਟਰ-32 ਏ ਫਿਟਨੈੱਸ ਗਰੁੱਪ’, ਸਪੋਰਟਸ ਕਲੱਬ, ਕੁਲੀਏਵਾਲ ਦੇ ਨੁਮਾਇੰਦਿਆਂ ਅਤੇ ਖਿਡਾਰੀਆਂ ਨੇ ਵਧਾਈ ਦਿੱਤੀ। ਸੁਖਰਾਮ ਅਤੇ ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਸਵੇਰੇ ਸ਼ਾਮ ਕੁਲੀਆਵਾਲ ਦੇ ਖੇਡ ਮੈਦਾਨ ਵਿੱਚ ਰੋਜ਼ਾਨਾ ਅਭਿਆਸ ਕਰਦੇ ਹਨ ਅਤੇ ਇੱਥੋਂ ਦੇ ਖਿਡਾਰੀਆਂ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।