ਰੋਡ ਸ਼ੋਅ ਕੱਢ ਲੋਕਾਂ ਕੋਲੋਂ ਮੰਗੀਆਂ ‘ਆਪ’ ਲਈ ਵੋਟਾਂ
ਗਗਨਦੀਪ ਅਰੋੜਾ
ਲੁਧਿਆਣਾ, 30 ਮਈ
ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਉਪ ਚੋਣ ਦੇ ਲਈ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਆਪ’ ਉਮਦੀਵਾਰ ਸੰਜੀਵ ਅਰੋੜਾ ਦੀ ਨਾਮਜ਼ਦਗੀ ਦਾਖਲ ਕਰਵਾਉਣ ਦੇ ਲਈ ਲੁਧਿਆਣਾ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਆਰਤੀ ਚੌਕ ਤੋਂ ਨਵੀਂ ਕਚਹਿਰੀਆਂ ਤੱਕ ਰੋਡ ਸ਼ੋਅ ਕੱਢਿਆ।
ਜ਼ਿਲ੍ਹਾ ਚੋਣ ਅਧਿਕਾਰੀ ਕੋਲ ਸੰਜੀਵ ਅਰੋੜਾ ਦੇ ਕਵਰਿੰਗ ਉਮੀਦਵਾਰ ਵੱਜੋਂ ਕਾਵਿਆ ਅਰੋੜਾ ਨੇ ਨਾਮਜ਼ਦਗੀ ਕਾਗਜ਼ ਭਰੇ। ਇਸ ਮੌਕੇ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਹਾਜ਼ਰ ਸਨ।
ਇਸ ਦੌਰਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਸਮਰਥਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਤੇਜ਼ ਗਰਮੀ ਵਿੱਚ ਸੰਜੀਵ ਅਰੋੜਾ ਦਾ ਸਮਰਥਨ ਕਰਨ ਲਈ ਇਕੱਠੇ ਹੋਏ ਸਨ। ਉਨ੍ਹਾਂ ਨੇ 2022 ਵਿੱਚ ਇਤਿਹਾਸਕ ਫ਼ਤਵੇ ਲਈ ਲੋਕਾਂ ਦਾ ਧੰਨਵਾਦ ਕੀਤਾ, ਜਿੱਥੇ ’ਆਪ’ ਨੇ ਪੰਜਾਬ ਵਿੱਚ 117 ਵਿੱਚੋਂ 92 ਸੀਟਾਂ ਜਿੱਤੀਆਂ ਸਨ।
ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ, ‘‘2022 ਵਿੱਚ ਤੁਸੀਂ ਹੰਕਾਰ ਅਤੇ ਗ਼ੁੱਸੇ ਦੇ ਵਿਰੁੱਧ ਵੋਟ ਦਿੱਤੀ ਅਤੇ ਗੁਰਪ੍ਰੀਤ ਗੋਗੀ ਨੂੰ ਆਪਣਾ ਵਿਧਾਇਕ ਚੁਣਿਆ। ਹਾਲਾਂਕਿ ਉਨ੍ਹਾਂ ਦਾ ਬੇਵਕਤੀ ਦੇਹਾਂਤ ਇੱਕ ਵੱਡਾ ਘਾਟਾ ਸੀ, ਪਰ ਸੰਜੀਵ ਅਰੋੜਾ ਹੁਣ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਥੇ ਹਨ।’’
ਉਨ੍ਹਾਂ ਕਿਹਾ, ‘‘ਸੰਜੀਵ ਅਰੋੜਾ ਨੂੰ ਕਿਸੇ ਪਛਾਣ ਦੀ ਲੋੜ ਨਹੀਂ, ਉਹ ਲੁਧਿਆਣਾ ਦੇ ਸੱਚੇ ਪੁੱਤ ਹਨ। ਜਿਵੇਂ ਕਿ ਮੋਦੀ ਜੀ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਰਗਾਂ ਵਿੱਚ ਸਿੰਧੂਰ ਵਗਦਾ ਹੈ, ਮੈਂ ਕਹਿੰਦਾ ਹਾਂ ਕਿ ਲੁਧਿਆਣਾ ਸੰਜੀਵ ਅਰੋੜਾ ਦੀਆਂ ਰਗਾਂ ਵਿੱਚ ਵਗਦਾ ਹੈ।’’
‘ਆਪ’ ਉਮੀਦਵਾਰ ਦੀ ਚੋਣ ’ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ, ‘‘ਸੂਬੇ ਵਿੱਚ ਸਰਕਾਰ ਸਾਡੀ ਹੈ। ਅਸੀਂ ਹੀ ਕੰਮ ਕਰਾਂਗੇ। ਵਿਰੋਧੀ ਧਿਰ ਸਿਰਫ਼ ਗਾਲ੍ਹਾਂ ਕੱਢ ਰਿਹਾ ਹੈ, ਅਗਲੇ ਦੋ ਸਾਲਾਂ ਤੱਕ ਉਹ ਇਹੀ ਕਰਦੇ ਰਹਿਣਗੇ। ਜੇ ਤੁਸੀਂ ਤਰੱਕੀ ਚਾਹੁੰਦੇ ਹੋ, ਤਾਂ ਸੰਜੀਵ ਅਰੋੜਾ ਨੂੰ ਚੁਣੋ। ਜੇ ਤੁਸੀਂ ਗ਼ੁੱਸਾ ਅਤੇ ਹੰਕਾਰ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਹੈ ਕਿ ਕਿੱਥੇ ਜਾਣਾ ਹੈ।’’
ਮੁੱਖ ਮੰਤਰੀ ਭਗਵੰਤ ਮਾਨ ਨੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਚੋਣ ਵਾਲੇ ਦਿਨ ਝਾੜੂ ਬਟਨ ਦਬਾਉਣ ਦਾ ਸੱਦਾ ਦਿੱਤਾ।
ਮਰਹੂਮ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਵਿਰਾਸਤ ਨੂੰ ਯਾਦ ਕਰਦਿਆਂ ਮਾਨ ਨੇ ਕਿਹਾ ਇਹ ਦੁੱਖ ਦੀ ਗੱਲ ਹੈ ਕਿ ਗੋਗੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਅੱਜ ਸੰਜੀਵ ਅਰੋੜਾ ਤੁਹਾਡੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ।