Ludhiana By-Election: ਚੋਣ ਕਮਿਸ਼ਨ ਨੇ ਲੁਧਿਆਣਾ ਪੁਲੀਸ ਮੁਖੀ ਦੇ ਅਹੁਦੇ ਲਈ 3 ਅਧਿਕਾਰੀਆਂ ਦਾ ਪੈਨਲ ਮੰਗਿਆ
ਕਮਿਸ਼ਨ ਨੇ ਪੈਨਲ ਵਿੱਚ ਨਿਰਧਾਰਤ ਨਿਯਮਾਂ ਅਨੁਸਾਰ ਢੁਕਵੀਂ ਸੀਨੀਅਰਤਾ ਅਤੇ ਤਜਰਬੇ ਵਾਲੇ ਅਧਿਕਾਰੀ ਸ਼ਾਮਲ ਕਰਨ ਦੀ ਕੀਤੀ ਹਦਾਇਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਚੋਣ ਕਮਿਸ਼ਨ ਨੇ 19 ਜੂਨ ਨੂੰ ਹੋਣ ਵਾਲੀ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਤੋਂ ਪਹਿਲਾਂ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਦੇ ਅਹੁਦੇ ਲਈ ਵਿਚਾਰ ਕਰਨ ਵਾਸਤੇ ਤਿੰਨ ਯੋਗ ਅਧਿਕਾਰੀਆਂ ਦੇ ਪੈਨਲ ਦੀ ਮੰਗ ਕੀਤੀ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪੈਨਲ ਵਿੱਚ ਨਿਰਧਾਰਤ ਨਿਯਮਾਂ ਅਨੁਸਾਰ ਢੁਕਵੀਂ ਸੀਨੀਅਰਤਾ ਅਤੇ ਤਜਰਬੇ ਵਾਲੇ ਅਧਿਕਾਰੀ ਸ਼ਾਮਲ ਕੀਤੇ ਜਾਣ।
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਬੋਝ ਜਾਂ ਪ੍ਰਸ਼ਾਸਕੀ ਰੁਕਾਵਟਾਂ ਤੋਂ ਮੁਕਤ ਹੋਣਾ ਚਾਹੀਦਾ ਹੈ, ਜਿਵੇਂ ਕਿ ਚੋਣ ਨਾਲ ਸਬੰਧਤ ਡਿਊਟੀਆਂ ਵਿੱਚ ਸ਼ਮੂਲੀਅਤ, ਵਿਜੀਲੈਂਸ ਪੁੱਛਗਿੱਛ ਜਾਂ ਅਨੁਸ਼ਾਸਨੀ ਕਾਰਵਾਈਆਂ ਆਦਿ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀ ਸਿਬਿਨ ਨੇ ਕਿਹਾ ਕਿ ਇਹ ਚੋਣਾਂ ਤੋਂ ਪਹਿਲਾਂ ਇੱਕ ਰੁਟੀਨ ਪ੍ਰਕਿਰਿਆ ਹੈ। ਉਨ੍ਹਾਂ ਕਿਹਾ, "ਅਜਿਹਾ ਇਸ ਲਈ ਕੀਤਾ ਜਾਂਦਾ ਹੈ, ਕਿ (ਚੋਣ ਅਮਲ ਦੌਰਾਨ) ਜੇ ਕਦੇ ਭਾਰਤ ਦਾ ਚੋਣ ਕਮਿਸ਼ਨ ਕਿਸੇ ਵੀ ਅਧਿਕਾਰੀ ਨੂੰ ਬਦਲਣਾ ਚਾਹੁੰਦਾ ਹੋਵੇ ਤਾਂ ਉਸ ਮਕਸਦ ਲਈ ਉਪਲਬਧ ਅਧਿਕਾਰੀਆਂ ਦੀ ਸੂਚੀ ਉਸ ਕੋਲ ਪਹਿਲਾਂ ਹੀ ਤਿਆਰ ਹੋਵੇ।"