‘ਲੋਕ ਚੇਤਨਾ ਜਥਾ ਮਾਰਚ’ ਦਾ ਅੱਜ ਪਹੁੰਚੇਗਾ ਲੁਧਿਆਣਾ
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਹੁਸੈਨੀਵਾਲਾ ਤੋਂ ਸ਼ੁਰੂ ਹੋਏ ‘ਲੋਕ ਚੇਤਨਾ ਜਥਾ ਮਾਰਚ’ ਦਾ ਭਲਕੇ 26 ਅਗਸਤ ਨੂੰ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਸੀਪੀਆਈ ਦੇ ਸ਼ਹਿਰੀ ਸਕੱਤਰ ਐਮਐਸ ਭਾਟੀਆ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਕੌਮੀ ਮਹਾਂ ਸੰਮੇਲਨ 21 ਤੋਂ 25 ਸਤੰਬਰ 2025 ਤੱਕ ਚੰਡੀਗੜ੍ਹ ਵਿੱਚ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਦਰਭ ਵਿੱਚ ਪਾਰਟੀ ਦਾ ਜੱਥਾ ਮਾਰਚ ਹੁਸੈਨੀਵਾਲਾ ਤੋਂ ਸ਼ੁਰੂ ਹੋਇਆ ਹੈ ਜੋ ਭਲਕੇ ਸਭ ਤੋਂ ਪਹਿਲਾਂ ਜਗਰਾਉਂ ਬੱਸ ਅੱਡੇ ਪੁੱਜੇਗਾ ਜਿੱਥੇ ਇੱਕ ਰੈਲੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸਤੋਂ ਬਾਅਦ ਜੱਥਾ ਲੁਧਿਆਣਾ ਸ਼ਹਿਰ ਪਹੁੰਚੇਗਾ ਤੇ ਫਿਰੋਜ਼ਪੁਰ ਰੋਡ ਸਥਿਤ ਐਮਬੀਡੀ ਮਾਲ ਦੇ ਸਾਹਮਣੇ ਪੁੱਲ ਦੇ ਥੱਲੇ ਇਸਦਾ ਸਵਾਗਤ ਬਾਅਦ ਦੁਪਹਿਰ 3.00 ਵਜੇ ਕੀਤਾ ਜਾਵੇਗਾ। ਇਸ ਉਪਰੰਤ ਘੁਮਾਰ ਮੰਡੀ ਤੋਂ ਹੁੰਦਾ ਹੋਇਆ ਜਗਰਾਉਂ ਪੁੱਲ ਪੁੱਜੇਗਾ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਜੱਥੇ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀਪੀ ਮੌੜ, ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ ਤੇ ਸ਼ਹਿਰੀ ਸਕੱਤਰ ਕਾਮਰੇਡ ਐਮਐਸ ਭਾਟੀਆ ਕਰਨਗੇ।