ਲੁਧਿਆਣਾ ਵਿੱਚ ਹਲਕੇ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ
ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਵਿੱਚ ਗਰਮੀ ਨੇ ਦੁਬਾਰਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਐਤਵਾਰ ਦੁਪਹਿਰ ਸਮੇਂ ਵੱਖ ਵੱਖ ਇਲਾਕਿਆਂ ਵਿੱਚ ਪਏ ਮੀਂਹ ਨੇ ਜਿੱਥੇ ਮੌਸਮ ਵਿੱਚ ਬਦਲਾਅ ਕੀਤਾ ਉੱਥੇ ਲੋਕਾਂ ਨੂੰ ਹੁੰਮਸ ਵਾਲੀ ਗਰਮੀ ਤੋਂ ਵੱਡੀ ਰਾਹਤ ਦਿੱਤੀ। ਮੀਂਹ ਤੋਂ ਬਾਅਦ ਸਾਰਾ ਦਿਨ ਤੇਜ਼ ਹਵਾ ਚੱਲਦੀ ਰਹੀੇ। ਇਸ ਮੀਂਹ ਨਾਲ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਗਈ।
ਲੁਧਿਆਣਾ ਵਿੱਚ ਅੱਜ ਕਈ ਦਿਨਾਂ ਬਾਅਦ ਮੀਂਹ ਪੈਣ ਕਰਕੇ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਤਾਪਮਾਨ ਲਗਾਤਾਰ ਵਧਦਾ ਆ ਰਿਹਾ ਹੈ। ਐਤਵਾਰ ਸਵੇਰੇ ਵੀ ਆਮ ਦਿਨਾਂ ਦੀ ਤਰ੍ਹਾਂ ਹੁੰਮਸ ਅਤੇ ਗਰਮੀ ਵਾਲਾ ਮੌਸਮ ਸੀ। ਦੁਪਹਿਰ ਕਰੀਬ ਗਿਆਰਾਂ ਕੁ ਵਜੇ ਪਹਿਲਾਂ ਫਿਰੋਜ਼ਪੁਰ ਰੋਡ, ਬੱਸ ਸਟੈਂਡ, ਰੇਲਵੇ ਸਟੇਸ਼ਨ ਰੋਡ ’ਤੇ ਮੀਂਹ ਪਿਆ ਅਤੇ ਦੁਪਹਿਰ ਤੋਂ ਬਾਅਦ ਤਾਜਪੁਰ ਰੋਡ, ਟਿੱਬਾ ਰੋਡ, ਸਮਰਾਲਾ ਚੌਂਕ, ਜਮਾਲਪੁਰ ਹਲਕਾ ਮੀਂਹ ਪੈਣ ਨਾਲ ਜਿਹੜਾ ਤਾਪਮਾਨ ਪਹਿਲਾਂ 37-38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਉਹ ਘੱਟ ਕਿ 34-35 ਡਿਗਰੀ ਸੈਲਸੀਅਸ ਤੱਕ ਰਹਿ ਗਿਆ। ਮੀਂਹ ਤੋਂ ਬਾਅਦ ਸਾਰਾ ਦਿਨ ਤੇਜ਼ ਹਵਾ ਚੱਲਣ ਤੋਂ ਬਾਅਦ ਸ਼ਾਮ ਸਮੇਂ ਦੁਬਾਰਾ ਸੰਘਣੀ ਬੱਦਲਵਾਈ ਹੋਈ ਅਤੇ ਹਲਕੀ ਕਿਣਮਿਣ ਸ਼ੁਰੂ ਹੋ ਗਈ। ਇਸ ਉਪਰੋਂਥਲੀ ਪਏ ਹਲਕੇ ਮੀਂਹ ਨੇ ਮੌਸਮ ਵਿੱਚ ਠੰਢਕ ਲਿਆਂਦੀ ਅਤੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ। ਮੌਸਮ ਮਾਹਿਰਾਂ ਅਨੁਸਾਰ ਇਸ ਵਾਰ ਜੂਨ ਅਤੇ ਜੁਲਾਈ ਮਹੀਨੇ ਪਿਛਲੇ ਸਾਲਾਂ ਦੇ ਮੁਕਾਬਲੇ ਔਸਤ ਨਾਲੋਂ ਵੱਧ ਮੀਂਹ ਪਿਆ ਹੈ। ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦੇ ਦਿਨਾਂ ’ਚ ਵੀ ਬੱਦਲਵਾਈ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਹੈ।