ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲਾਇਬਰੇਰੀਆਂ ਬਣਾਈਆਂ ਜਾਣਗੀਆਂ: ਸੌਂਦ
ਪੰਜਾਬ ਦੇ ਸੱਭਿਆਚਾਰਕ ਮਾਮਲੇ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਅੱਜ ਇਥੇ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਗ੍ਰਹਿ ਵਿਖੇ ਪੰਜਾਬ ਦੇ ਵਿਰਸੇ ਦੀ ਸੰਭਾਲ, ਵਿਕਾਸ ਅਤੇ ਪੇਂਡੂ ਵਿਕਾਸ ਯੋਜਨਾਵਾਂ ਦੇ ਸੱਭਿਆਚਾਰ ਨਾਲ ਸੁਮੇਲ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਸ੍ਰੀ ਸੌਂਦ ਨੇ ਕਿਹਾ ਕਿ ਪੰਜਾਬ ਦੇ ਸਰਬਪੱਖੀ ਪੇਂਡੂ ਵਿਕਾਸ ਵਿੱਚ ਲਾਇਬਰੇਰੀਆਂ ਦੀ ਹਿੱਸੇਦਾਹੀ ਵਧਾ ਰਹੇ ਹਾਂ ਤਾਂ ਜੋ ਸ਼ਬਦ ਸੱਭਿਆਚਾਰ ਦੀ ਉਸਾਰੀ ਕਰਕੇ ਨੌਜਵਾਨਾਂ ਨੂੰ ਚੰਗੀ ਸੋਚ ਧਾਰਾ ਦੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਲਾਇਬਰੇਰੀਆਂ ਤੇ ਖੇਡ ਢਾਂਚਾ ਉਸਾਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਆਪਣੇ ਵਿਧਾਨ ਸਭਾ ਹਲਕਾ ਖੰਨਾ ਵਿੱਚ ਉਹ ਹਰ ਸਾਲ ਪੰਜ ਪੰਜ ਪੇਂਡੂ ਲਾਇਬਰੇਆਂ ਖੋਲ੍ਹ ਰਹੇ ਹਨ। ਖੇਡ ਢਾਂਚੇ ਵੱਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਹੇਠ ਖੇਡ ਮੈਦਾਨਾਂ ਲਈ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਉੱਘੇ ਕਲਾਕਾਰ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਨਿਕਟਵਰਤੀ ਡਾ. ਜਸਵਿੰਦਰ ਭੱਲਾ ਦੇ ਦੇਹਾਂਤ ਦਾ ਵੀ ਅਫ਼ਸੋਸ ਪ੍ਰਗਟਾਇਆ।
ਇਸ ਮੌਕੇ ਪ੍ਰੋ. ਗਿੱਲ ਨੇ ਲੁਧਿਆਣਾ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਉਨ੍ਹਾਂ ਨਾਲ ਆਏ ਪਤਵੰਤੇ ਸੱਜਣਾਂ ਨੂੰ ਆਪਣੀਆਂ ਲਿਖੀਆਂ ਤੇ ਸੰਪਾਦਿਤ ਪੁਸਤਕਾਂ ਅੱਖਰ ਅੱਖਰ, ਗੁਲਨਾਰ, ਮੇਰ ਪੰਖ, ਕਿਸਾਨ ਮੇਰਚੇ ਨਾਲ ਸਬੰਧਿਤ ਕਵਿਤਾਵਾਂ ਦੀ ਸੰਪਾਦਿਤ ਪੁਸਤਕ ਧਰਤਿ ਵੰਗਾਰੇ ਤਖ਼ਤ ਨੂੰ ਅਤੇ ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਸੰਪਾਦਿਤ ਪੁਸਤਕ ‘ਗਦਹੀ ਬਾਬਾ ਗੇਂਦਾ ਸਿੰਘ ਦੌਧਰ ਦੀ ਜੀਵਨੀ’ ਦਾ ਸੈੱਟ ਭੇਂਟ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਪੱਧ ਤੇ ਬਣੀਆਂ ਲਾਇਬਰੇਰੀਆਂ ਦਾ ਹੀ ਪ੍ਰਤਾਪ ਹੈ ਕਿ ਮੈਂ ਪਚਵੰਜਾ ਸਾਲ ਪਹਿਲਾਂ ਪੜ੍ਹੀਆਂ ਕਿਤਾਬਾਂ ਸਹਾਰੇ ਅੱਜ ਸ਼ਬਦ ਸੱਭਿਆਚਾਰ ਵਿੱਚ ਥੋੜੀ ਬਹੁਤੀ ਪਛਾਣ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਖੇਡ , ਸਾਹਿੱਤ ਤੇ ਸੱਭਿਆਚਾਰ ਦੇ ਨਾਇਕਾੰ ਦੇ ਨਾਮ ਤੇ ਪਿੰਡ ਪੰਚਾਇਤ ਲਾਇਬਰੇਰੀਆਂ ਅਤੇ ਖੇਡ ਢਾਂਚੇ ਉਸਾਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਲਾਇਬਰੇਰੀਆਂ ਨੂੰ ਪੰਜਾਬੀ ਪ੍ਰਕਾਸ਼ਕਾਂ ਨਾਲ ਮਸ਼ਵਰਾ ਕਰਕੇ ਬਹੁਤ ਘੱਟ ਦਰਾਂ ਤੇ ਪੁਸਤਕਾਂ ਦਿਵਾਵਾਂਗੇ। ਚੇਤਨਾ ਪ੍ਰਕਾਸ਼ਨ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਆਪਣੇ ਅਦਾਰੇ ਵੱਲੋਂ ਤੁਰੰਤ ਸਹਿਮਤੀ ਦਿੱਤੀ।