ਸਸਰਾਲੀ ਕਲੋਨੀ ਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵੱਲੋਂ ਰਾਜਪਾਲ ਨੂੰ ਪੱਤਰ
ਸੂਬਾ ਸਰਕਾਰ ਵੱਲੋਂ ਹੜ੍ਹਾਂ ਦੀ ਝੰਬੀ ਸਸਰਾਲੀ ਕਲੋਨੀ ਅਤੇ ਪਿੰਡਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਦੋਸ਼
ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਸਸਰਾਲੀ ਕਲੋਨੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਰਾਜਪਾਲ ਨੂੰ ਇੱਕ ਪੱਤਰ ਭੇਜਕੇ ਅਪੀਲ ਕੀਤੀ ਹੈ ਕਿ ਹੜ੍ਹ ਕਾਰਨ ਸਸਰਾਲੀ ਕਲੋਨੀ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਦੁੱਖ ਦੀ ਘੜੀ ਮੌਕੇ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰਨ ਕਾਰਨ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ, ਇਸ ਲਈ ਉਹ ਇਨ੍ਹਾਂ ਦੀ ਸਾਰ ਲੈਣ।
ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ, ਜਿਸ ਕਾਰਨ ਮਜਬੂਰ ਹੋ ਕੇ ਪਿੰਡ ਵਾਸੀਆਂ ਨੇ ਸਿੱਧਾ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਸਰਾਲੀ ਕਲੋਨੀ ਅਤੇ ਆਲੇ-ਦੁਆਲੇ ਦੇ ਪਿੰਡਾਂ ਬੂਥਗੜ੍ਹ, ਗੌਂਸਗੜ੍ਹ, ਗਧਾਪੁਰ, ਰੌੜ, ਮਾਂਗਟ, ਹਵਾਸ, ਖ਼ਵਾਜਕੇ, ਮੰਗਲੀ ਟਾਂਡਾ, ਮੰਗਲੀ ਖਾਸ, ਗੜੀ ਤੋਗੜਾ, ਗੜੀ ਫ਼ਾਜ਼ਿਲ, ਗੜੀ ਸ਼ੇਰੋਂ, ਸ਼ੇਖੇਵਾਲ, ਕਸਾਬਾਦ, ਜੀਵਨਪੁਰ, ਢੇਰੀ, ਬਾਜੜਾ, ਸੱਤੋਵਾਲ, ਸੀੜਾ ਅਤੇ ਮਾਛੀਆਂ ਕਲਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਤੁਰੰਤ ਫ਼ੌਜ ਅਤੇ ਮਾਹਿਰ ਟੀਮਾਂ ਦੀ ਤਾਇਨਾਤੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਸਰਾਲੀ ਨੇੜੇ ਸਤਲੁਜ ਦਰਿਆ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਕੀਤੀ ਜਾ ਸਕੇ, ਜਿਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਅਪੀਲ ਦੇ ਬਾਵਜੂਦ ਧੁੱਸੀ ਬੰਨ੍ਹ ਵਿੱਚ ਹੋਈ ਦਰਾਰ ਦੀ ਮੁਰੰਮਤ ਨਹੀਂ ਕੀਤੀ ਗਈ ਅਤੇ ਦਰਿਆ ਲਗਾਤਾਰ ਉਪਜਾਊ ਜ਼ਮੀਨ, ਫ਼ਸਲਾਂ, ਟਿਊਬਵੈੱਲ, ਮਕਾਨ ਅਤੇ ਦਹਾਕਿਆਂ ਦੀ ਕਮਾਈ ਨੂੰ ਨਿਗਲ ਰਿਹਾ ਹੈ। ‘ਆਪ’ ਸਰਕਾਰ ’ਤੇ ਹਮਲਾ ਕਰਦਿਆਂ ਸ੍ਰੀ ਬਲੀਏਵਾਲ ਨੇ ਕਿਹਾ ਕਿ ਜਦੋਂ ਆਮ ਪਿੰਡ ਵਾਸੀਆਂ ਨੂੰ ਆਪਣੀ ਹੀ ਸਰਕਾਰ ਤੋਂ ਕੋਈ ਉਮੀਦ ਨਹੀਂ ਰਹੀ ਅਤੇ ਉਹ ਜੀਵਨ ਬਚਾਉਣ ਲਈ ਰਾਜਪਾਲ ਨੂੰ ਚਿੱਠੀ ਲਿਖਣ ਲਈ ਮਜਬੂਰ ਹੋਏ ਹਨ।
ਮੁੰਡੀਆਂ ਹਲਕੇ ਤੋਂ ਗਾਇਬ: ਬਲੀਏਵਾਲ
ਸ੍ਰੀ ਬਲੀਏਵਾਲ ਨੇ ਕਿਹਾ ਕਿ ਹਲਕਾ ਸਾਹਨੇਵਾਲ ਦੇ ਵਿਧਾਇਕ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਕੋਈ ਵੱਡੀ ਸਹਾਇਤਾ ਲਿਆਉਣ ਦੀ ਥਾਂ ਆਪਣੇ ਹਲਕੇ ਤੋਂ ਗਾਇਬ ਹਨ, ਜੋ ਹਲਕਾ ਸਾਹਨੇਵਾਲ ਦੇ ਲੋਕਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਫੌਜ ਅਤੇ ਮਾਹਿਰ ਹਾਈਡਰੋਲੋਜੀ ਟੀਮਾਂ ਨੂੰ ਸਥਾਈ ਬੰਨ੍ਹ ਮੁਰੰਮਤ ਅਤੇ ਹੜ੍ਹ-ਨਿਯੰਤਰਣ ਲਈ ਬੁਲਾਉਣਾ ਚਾਹੀਦਾ ਹੈ। ਉਨ੍ਹਾਂ ਰਾਜਪਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਟੀਮਾਂ ਲਗਾਉਣ ਦੀ ਸਿੱਧੀ ਇਜਾਜ਼ਤ ਦੇ ਕੇ ਹੜ੍ਹ ਪੀੜਤ ਪਿੰਡ ਵਾਸੀਆਂ ਨੂੰ ਸੁਰੱਖਿਆ, ਰਾਹਤ ਅਤੇ ਪੁਨਰਵਾਸ ਮੁਹੱਈਆ ਕਰਵਾਈ ਜਾਵੇ।