ਮਾਸਟਰ ਨਿਰਭੈ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ
ਸੰਗਰੂਰ ਦੇ ਧਰਨੇ ਵਿੱਚ ਅਧਿਆਪਕ ਕਰਨਗੇ ਭਰਵੀਂ ਸ਼ਮੂਲੀਅਤ: ਡੀ.ਟੀ.ਐੱਫ.
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਨਿਰਭੈ ਸਿੰਘ ’ਤੇ ਡਿਊਟੀ ਜਾਣ ਵੇਲੇ ਸਕੂਲ ਦੇ ਨੇੜੇ ਲਹਿਰੇ ਇਲਾਕੇ ਵਿੱਚ ਕਥਿਤ ਤੌਰ ’ਤੇ ਭੂ-ਮਾਫ਼ੀਆ ਵਜੋਂ ਸਰਗਰਮ ਵਿਅਕਤੀਆਂ ਵੱਲੋਂ ਕੀਤੇ ਗੰਭੀਰ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੰਜ ਮਹੀਨੇ ਬੀਤਣ ’ਤੇ ਵੀ ਇਨਸਾਫ਼ ਨਾ ਮਿਲਣ ਅਤੇ ਸੰਗਰੂਰ ਪੁਲੀਸ ਵੱਲੋਂ ਸਿਆਸੀ ਇਸ਼ਾਰੇ ਤਹਿਤ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਦੇ ਰੋਸ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਐਡੀਸ਼ਨਲ ਡਿਪਟੀ ਕਮਿਸ਼ਨਰ ਰਕੇਸ਼ ਕੁਮਾਰ ਰਾਹੀਂ ਮੁੱਖ ਮੰਤਰੀ ਪੰਜਾਬ ਵੱਲ ਮੰਗ ਪੱਤਰ ਭੇਜਿਆ ਗਿਆ। ਇਸ ਦੌਰਾਨ ਜਿਲ੍ਹਾ ਕਮੇਟੀ ਵੱਲੋਂ 25 ਸਤੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਅਤੇ ਡੀ.ਟੀ.ਐੱਫ. ਵੱਲੋਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸ.ਐੱਸ.ਪੀ. ਦਫ਼ਤਰ ਸੰਗਰੂਰ ਵਿਖੇ ਸੂਬਾ ਪੱਧਰੀ ਧਰਨੇ ਵਿੱਚ ਜਿਲ੍ਹੇ ਤੋਂ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਜ਼ਮੀਨੀ ਪੱਧਰ ’ਤੇ ਲਾਮਬੰਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ।
ਫਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਮਾਸਟਰ ਨਿਰਭੈ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦੌਰਾਨ ਉਨ੍ਹਾਂ ਦੀਆਂ ਦੋਨੋਂ ਲੱਤਾਂ ਤੇ ਖੱਬੀ ਬਾਂਹ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਤੋੜ ਦਿੱਤੀ ਗਈ ਸੀ ਜਿਸ ਉਪਰੰਤ ਲਹਿਰਾ ਪੁਲੀਸ ਵੱਲੋਂ ਜਾਨਲੇਵਾ ਹਮਲੇ ਦੀ ਧਾਰਾ 109 ਬੀ.ਐੱਨ.ਐੱਸ. ਸਮੇਤ ਬਾਕੀ ਧਾਰਾਵਾਂ ਸਹਿਤ ਲਹਿਰਾ ਥਾਣਾ (ਜ਼ਿਲ੍ਹਾ ਸੰਗਰੂਰ) ਵਿੱਚ ਪਰਚਾ ਦਰਜ ਕੀਤਾ ਗਿਆ। ਪਰ ਹਾਲੇ ਤੱਕ ਅਗਲੀ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਮਾਸਟਰ ਨਿਰਭੈ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਸਭ ਦੇ ਮੱਦੇਨਜ਼ਰ ਡੀ.ਟੀ.ਐੱਫ. ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮਾ. ਨਿਰਭੈ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦੇ ਰਹਿੰਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਮਾ. ਨਿਰਭੈ ਸਿੰਘ ਨੂੰ ਸਵੈ ਸੁਰੱਖਿਆ ਲਈ ਅਸਲੇ ਦਾ ਲਾਈਸੈਂਸ ਜਾਰੀ ਕੀਤਾ ਜਾਵੇ। ਆਗੂਆਂ ਨੇ ਚਿਤਵਾਨੀ ਦਿੱਤੀ ਕਿ ਇਸ ਮਾਮਲੇ ਵਿੱਚ ਇਨਸਾਫ ਨਾ ਮਿਲਣ ’ਤੇ ਡੀ.ਟੀ.ਐੱਫ. ਵੱਲੋਂ ਕਿਰਤੀ ਕਿਸਾਨ ਯੂਨੀਅਨ ਨਾਲ ਸਾਂਝੇ ਰੂਪ ਵਿੱਚ 25 ਸਤੰਬਰ ਨੂੰ ਸੰਗਰੂਰ ਵਿੱਚ ਸੂਬਾਈ ਧਰਨਾ ਦਿੱਤਾ ਜਾਵੇਗਾ।