ਡੀ ਏਪੀ ਦੀ ਘਾਟ ਬਾਰੇ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ
ਖਾਦ ਦੀ ਕਾਲਾਬਜ਼ਾਰੀ ਰੋਕ ਕੇ ਕਿਸਾਨਾਂ ਦੀ ਲੁੱਟ ਬੰਦ ਕਰਵਾਉਣ ਦੀ ਮੰਗ
ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵੱਲੋਂ ਕਿਸਾਨਾਂ ਨੂੰ ਡੀ.ਏ.ਪੀ ਨਾ ਮਿਲਣ ’ਤੇ ਅੱਜ ਖੇਤੀਬਾੜੀ ਅਫ਼ਸਰ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਸਾਨਾਂ ਦੀ ਹੋ ਰਹੀ ਲੁੱਟ ਤੋਂ ਜਾਣੂ ਕਰਵਾਇਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਦੱਸਿਆ ਕਿ ਇਲਾਕੇ ਵਿਚ ਡੀ.ਏ.ਪੀ. ਦੀ ਖਾਦ ਦੀ ਕਿੱਲਤ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਲੂਆਂ ਦੀ ਫਸਲ ਦੀ ਬਿਜਾਈ ਕਰਨ ਲਈ ਖਾਦ ਦੀ ਜ਼ਰੂਰਤ ਪੈਂਦੀ ਹੈ ਪਰ ਸਰਕਾਰ ਵਲੋਂ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਅਜੇ ਤੱਕ ਖਾਦ ਨਹੀਂ ਭੇਜੀ ਗਈ ਜਿਸ ਕਾਰਨ ਕਿਸਾਨਾਂ ਨੂੰ ਫਸਲ ਬੀਜਣ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖਾਦ ਡੀਲਰਾਂ ਵਲੋਂ ਖਾਦ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਬਾਹਰੋਂ ਮਜ਼ਬੂਰੀ ਵਸ ਮਹਿੰਗੇ ਭਾਅ ’ਤੇ ਖਾਦ ਖਰੀਦਣੀ ਪੈ ਰਹੀ ਹੈ। ਪ੍ਰਧਾਨ ਖੇੜਾ ਨੇ ਮੰਗ ਕੀਤੀ ਕਿ ਵਿਭਾਗ ਵਲੋਂ ਖਾਦ ਡੀਲਰਾਂ ਦਾ ਸਟਾਕ ਅਤੇ ਰਿਕਾਰਡ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਉਹ ਸਟਾਕ ਪੂਰਾ ਹੋਣ ਦੇ ਬਾਵਜ਼ੂਦ ਵੀ ਕਿਸਾਨਾਂ ਨੂੰ ਖਾਦ ਜਾਣਬੁੱਝ ਕੇ ਨਹੀਂ ਦੇ ਰਿਹਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਖਾਦ ਡੀਲਰ ਦੇ ਸਟਾਕ ਬੋਰਡ ਸਮੇਤ ਸਬੰਧਿਤ ਖਾਦ ਦੀ ਕੀਮਤ ਦੇ ਬੋਰਡ ਵੀ ਦੁਕਾਨ ਬਾਹਰ ਲਗਾਏ ਜਾਣ। ਪ੍ਰਧਾਨ ਖੇੜਾ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਜੋ ਨਮੀ ਦੀ ਮਾਤਰਾ ਜਿਆਦਾ ਹੋਣ ’ਤੇ ਟਰਾਲੀਆਂ ਵਾਪਸ ਭੇਜੀਆਂ ਜਾ ਰਹੀਆਂ ਹਨ ਉਸ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਝੋਨੇ ਦੀ ਖੜੀ ਫਸਲ ਵਿਚ ਨਮੀ ਦੀ ਮਾਤਰਾ ਵਧ ਗਈ ਹੈ ਜਿਸ ਲਈ ਸਰਕਾਰ ਨੂੰ ਨਮੀ ਦੀ ਮਾਤਰਾ ਵਿਚ ਵੀ ਰਿਆਇਤ ਦੇਣੀ ਚਾਹੀਦੀ ਹੈ। ਇਸ ਮੌਕੇ ਸਕੱਤਰ ਪ੍ਰਕਾਸ਼ ਸਿੰਘ ਉਧੋਵਾਲ, ਖਜਾਨਚੀ ਹਰਦੇਵ ਸਿੰਘ ਬਾਗ, ਅਸ਼ੋਕ ਖੇੜਾ, ਬਾਬੂ ਸਿੰਘ ਝੜੌਦੀ, ਛਿੰਦਰਪਾਲ ਿੰਘ ਮੁਗਲੇਵਾਲ, ਹਰਜੀਤ ਸਿੰਘ ਬੁੱਲੇਵਾਲ, ਚੱਤਰ ਸਿੰਘ ਲੁਬਾਣਗੜ੍ਹ, ਜਸਵਿੰਦਰ ਸਿੰਘ, ਬਲਕਾਰ ਸਿੰਘ ਜੁਲਫ਼ਗੜ੍ਹ, ਸ਼ਾਮ ਸਿੰਘ ਰੂੜੇਵਾਲ ਵੀ ਮੌਜੂਦ ਸਨ।