ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਗੁਰਮਤਿ ਸਭਾ ਵੱਲੋਂ ਵਿਸ਼ੇਸ ਲੈਕਚਰ ਦਾ ਆਯੋਜਨ ਕੀਤਾ ਗਿਆ। ਲੈਕਚਰ ਦੇਣ ਲਈ ਕਾਲਜ ਪਹੁੰਚੇ ਸਹਿਜ ਪਾਠ ਸੇਵਾ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਚਾਲਕ ਸਤਨਾਮ ਸਿੰਘ ਸਲ੍ਹੋਪੁਰੀ, ਬਲਵੀਰ ਕੌਰ ਅਤੇ ਗੁਰਜੀਤ ਸਿੰਘ ਦਾ ਪ੍ਰਿੰਸੀਪਲ ਡਾ. ਅਜੀਤ ਕੌਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਤਨਾਮ ਸਿੰਘ ਨੇ ‘ਗੁਰਬਾਣੀ ਦੀ ਲੋਅ ਵਿੱਚ ਸ਼ਖ਼ਸੀਅਤ ਉਸਾਰੀ’ ਵਿਸ਼ੇ ’ਤੇ ਆਪਣੇ ਲੈਕਚਰ ਰਾਹੀਂ ਵਿਦਿਆਰਥਣਾਂ ਨੂੰ ਸ਼ਖ਼ਸੀਅਤ ਉਸਾਰੀ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਦੇ ਦਰਸਾਏ ਮਾਰਗ ’ਤੇ ਚਲਦਿਆਂ ਹੋਇਆਂ ਧਾਰਨ ਕੀਤੇ ਨੈਤਿਕ ਗੁਣਾਂ ਦੇ ਨਾਲ ਹੀ ਸਫ਼ਲ ਜੀਵਨ ਜਾਚ ਆਉਂਦੀ ਹੈ, ਇਹੀ ਸ਼ਖ਼ਸੀਅਤ ਉਸਾਰੀ ਦਾ ਸਭ ਤੋਂ ਵੱਡਾ ਗੁਣ ਹੈ।
ਇਸ ਮੌਕੇ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਨੈਤਿਕ ਗੁਣਾਂ ਨੂੰ ਜ਼ਿੰਦਗੀ ’ਚ ਧਾਰਨ ਕਰਨਾ ਬਹੁਤ ਜ਼ਰੂਰੀ ਹੈ, ਇਹ ਗੁਣ ਸ਼ਖ਼ਸੀਅਤ ਉਸਾਰਨ ਵਿੱਚ ਸਹਾਈ ਹੁੰਦੇ ਹਨ ਜੋਕਿ ਮਾਨਵਤਾ ਦਾ ਅਸਲੀ ਵਿਕਾਸ ਹੈ। ਇਸ ਮੌਕੇ ਸਤਨਾਮ ਸਿੰਘ ਨੇ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ। ਕਾਲਜ ਦੇ ਗੁਰਮਤਿ ਸਭਾ ਦੇ ਇੰਚਾਰਜ ਪ੍ਰੋ.ਗੁਰਸ਼ਰਨ ਕੌਰ, ਡਾ. ਸਵਰਨਜੀਤ ਕੌਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਕੌਰ ਨੇ ਕਾਲਜ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।